Wq/pa/ਪੰਜਾਬੀ ਅਖਾਣ/ੳ
Appearance
- ਉਸਤਾਦ ਦੀ ਮਾਰ, ਮਾਂ ਦਾ ਪਿਆਰ, ਦੇਣ ਸਵਾਰ: ਉਸਤਾਦ ਆਪਣੇ ਸ਼ਾਗਿਰਦ ਨੂੰ ਅਤੇ ਮਾਂ ਆਪਣੇ ਬੱਚੇ ਨੂੰ ਸਿੱਧੇ ਰਾਹੇ ਚੱਲਣ ਲਈ ਪ੍ਰੇਰਦੇ ਹਨ। ਫ਼ਰਕ ਸਿਰਫ ਏਨਾ ਹੈ ਕਿ ਉਸਤਾਦ ਗਲਤੀਆਂ ਦੀ ਸਜ਼ਾ ਦਿੰਦਾ ਹੈ ਅਤੇ ਮਾਂ ਪਿਆਰ ਨਾਲ ਮਾਰਗਦਰਸ਼ਨ ਕਰਦੀ ਹੈ।
- ਉਸ ਤੀਵੀਂ ਦਾ ਘਰ ਨਾ ਵੱਸੇ, ਕੱਤੇ ਪਾਅ ਤੇ ਤਿੰਨ ਪਾਅ ਦੱਸੇ: ਜਿਹੜੀਆਂ ਔਰਤਾਂ ਆਪਣੇ ਟੱਬਰ ਨਾਲ ਸੱਚ ਨਹੀਂ ਬੋਲਦੀਆਂ, ਕਰਦੀਆਂ ਕੁਝ ਹੋਰ ਹਨ ਅਤੇ ਦੱਸਦੀਆਂ ਕੁਝ ਹੋਰ ਹੋਣ, ਉਹਨਾਂ ਦੇ ਘਰ ਔਖੇ ਵੱਸਦੇ ਹਨ।
- ਉਹ ਹੋਰ ਈ ਮੱਖੀਆਂ ਨੇ ਜਿਨ੍ਹਾਂ ਦਾ ਹੱਗਿਆ ਜਹਾਨ ਖਾਂਦਾ ਏ: ਉਹ ਵਿਅਕਤੀ ਆਮ ਨਹੀਂ ਹੁੰਦੇ ਜਿਹੜੇ ਦੁਨੀਆਂ ਦਾ ਭਲਾ ਕਰਨ ਲਈ ਹੀ ਜਿਉਂਦੇ ਹਨ।
- ਉਹ ਹੋਰ ਤੇ ਉਹ ਹੋਰ, ਦੋਵੇਂ ਇੱਕੋ ਸੰਨ੍ਹ ਦੇ ਚੋਰ: ਦੋ ਅਜਿਹੇ ਮਨੁੱਖ ਜਿਹੜੇ ਜਾਤ ਰੰਗ ਵੱਲੋਂ ਬਿਲਕੁਲ ਅਲੱਗ ਹੋਣ ਪਰ ਦੋਹਾਂ ਦੀ ਫਿਤਰਤ ਇਕੋ ਜਿਹੀ ਹੋਵੇ। ਲੋਕਾਂ ਨਾਲ ਠੱਗੀ ਬੇਈਮਾਨੀ ਕਰਨ ਵਿੱਚ ਇੱਕੋ ਜਿਹੇ ਹੋਣ।
- ਉਹ ਕਹੇ ਪੂਰਾ ਤੋਲੀਂ, ਅਗਲੇ ਕਹੇ ਥੜ੍ਹੇ ਤੇ ਨਾ ਚੜ੍ਹ: ਇਹ ਅਖਾਣ ਓਥੇ ਢੁੱਕਦਾ ਹੈ ਜਿੱਥੇ ਇੱਕ ਤਾਂ ਲਾਭ ਲੈਣ ਲਈ ਕਾਹਲਾ ਪਵੇ ਅਤੇ ਦੂਸਰਾ ਉਹਨੂੰ ਮੂੰਹ ਨਾ ਲਾਵੇ, ਨੇੜੇ ਨਾ ਆਉਣ ਦੇਵੇ।
- ਉਹ ਕਾਹਦੀ ਵਿਆਹੀ ਜੀਹਦੇ ਬੂਹੇ ਜੰਞ ਨਾ ਆਈ: ਵਿਆਹ ਓਹੀ ਹੁੰਦਾ ਹੈ ਜਿਹੜਾ ਜੰਞ ਲਿਆ ਕੇ ਪੂਰੇ ਸ਼ਗਨਾਂ ਰਾਹ ਰੀਤਾਂ ਅਨੁਸਾਰ ਕੀਤਾ ਜਾਵੇ। ਜਿਹੜੀ ਓਦਾਂ ਹੀ ਚਲੀ ਗਈ, ਉਹਨੂੰ ਵਿਆਹੀ ਨਹੀਂ, ਉੱਧਲ਼ ਗਈ ਕਹਿੰਦੇ ਹਨ। ਪਤੀ ਦੀ ਮੌਤ ਮਗਰੋਂ ਦਿਓਰ ਜੇਠ ਦੇ ਬਹਿ ਜਾਣ ਨੂੰ ਚਾਦਰ ਪਾਉਣੀ ਅਤੇ ਪੈਸੇ ਦੇ ਕੇ ਲਿਆਂਦੀ ਤੀਵੀਂ ਨੂੰ ਕਰੇਵਾ ਕਿਹਾ ਜਾਂਦਾ ਹੈ।
- ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ: ਇਹ ਅਖਾਣ ਓਦੋਂ ਵਰਤਿਆ ਜਾਂਦਾ ਹੈ ਜਦੋਂ ਕਿਸੇ ਵਿਆਕਤੀ ਨੂੰ ਤੁਰਨ ਫਿਰਨ ਤੋਂ ਸਿਵਾਏ ਹੋਰ ਕੋਈ ਕੰਮ ਹੀ ਨਾ ਹੋਵੇ। ਜਿੱਥੇ ਵੀ ਜਾਈਏ, ਜਾਂਦਿਆਂ ਨੂੰ ਓਥੇ ਹੀ ਮਿਲੇ।
- ਉਹ ਕਿਹੜੇ ਬਾਗ਼ ਦੀ ਮੂਲੀ ਏ: ਕਿਸੇ ਨੂੰ ਆਪਣੇ ਬਰਾਬਰ ਕੁਝ ਵੀ ਨਾ ਸਮਝਣਾ, ਭਾਵ ਤੁਛ ਸਮਝਣਾ।
- ਉਹ ਕਿਥੋਂ ਮਾਨ ਜੀਹਨੂੰ ਕੁੱਤੇ ਵਾਲੀ ਬਾਣ: ਇਸ ਦਾ ਭਾਵ ਹੈ ਕਿ ਜਿਸ ਵਿਅਕਤੀ ਨੂੰ ਹਰੇਕ ਨੂੰ ਵੱਧ ਖਾਣ ਦੀ ਆਦਤ ਪਈ ਹੋਵੇ, ਉਮਰ ਭਰ ਉਹ ਹਰੇਕ ਨੂੰ ਵਢੂੰ ਖਾਊਂ ਕਰਦਾ ਰਹਿੰਦਾ ਹੈ।
- ਉਹ ਕੀਹਦੀ ਨੂੰਹ ਧੀ ਨਾਲੋਂ ਘੱਟ ਹੈ: ਜਦੋਂ ਕੋਈ ਅਦਨਾ ਜਿਹਾ ਆਦਮੀ ਜਾਂ ਔਰਤ ਵੱਡਿਆਂ ਦੀ ਬਰਾਬਰੀ ਕਰਨ ਦੀ ਤਮੰਨਾ ਪਾਲ ਲਵੇ ਤਾਂ ਇਸ ਤਰ੍ਹਾਂ ਆਖਦੇ ਹਨ।
- ਉਹ ਘਰੇ ਸੁੱਝੇ ਮੰਗਤਿਆਂ, ਜਿੱਥੇ ਮਿਲੇ ਖ਼ੈਰਾਤ: ਇਸ ਦਾ ਅਰਥ ਹੈ ਕਿ ਮੰਗਤੇ ਵੀ ਓਸੇ ਘਰ ਹੀ ਜਾਂਦੇ ਹਨ ਜਿੱਥੋਂ ਖ਼ੈਰ ਪੈਣ ਦੀ ਸੰਭਾਵਨਾ ਹੋਵੇ।
- ਉਹ ਤਾਂ ਕਹੀ ਕੁਹਾੜੀ ਤੇ ਰੱਖਕੇ ਹੀ ਖਾਂਦਾ ਏ: ਇਹ ਅਖਾਣ ਅਜਿਹੇ ਮਨੁੱਖ ਤੇ ਢੁਕਦਾ ਹੈ ਜਿਹੜਾ ਬਹੁਤ ਕੌੜੇ ਸੁਭਾਅ ਵਾਲਾ ਹੋਵੇ ਅਤੇ ਹਰ ਵਕਤ ਲੜਾਈ ਲਈ ਤਿਆਰ ਰਹੇ। ਭਾਵ ਰੋਟੀ ਖਾਣ ਵੇਲੇ ਵੀ ਹਥਿਆਰ ਉਹਦੇ ਕੋਲ ਹੀ ਹੋਵੇ।
- ਉਹ ਦਿਨ ਡੁੱਬਾ, ਜਿੱਦਣ ਘੋੜੀ ਚੜ੍ਹਿਆ ਕੁੱਬਾ: ਜਦੋਂ ਕੋਈ ਕੰਮ ਅਸੰਭਵ ਹੋਵੇ, ਕਿਸੇ ਤਰ੍ਹਾਂ ਵੀ ਸਿਰੇ ਚੜਨ ਦੀ ਉਮੀਦ ਨਾ ਹੋਵੇ ਤਾਂ ਇਹ ਕਹਾਵਤ ਵਰਤੀ ਜਾਂਦੀ ਹੈ।
- ਉਹਦੀਆਂ ਹੀ ਜੁੱਤੀਆਂ, ਉਹਦਾ ਹੀ ਸਿਰ: ਇਸ ਅਖਾਣ ਦਾ ਭਾਵ ਹੈ ਕਿ ਕਿਸੇ ਚਾਲਬਾਜ਼ ਬੰਦੇ ਵੱਲੋਂ ਗਲਤ ਸਲਾਹ ਦੇ ਕੇ ਕਿਸੇ ਭਲੇਮਾਣਸ ਇਨਸਾਨ ਦਾ ਨੁਕਸਾਨ ਉਹਦੇ ਆਪਣੇ ਹੱਥੀਂ ਕਰਵਾ ਦੇਣਾ।
- ਉਹਦੇ ਸੱਤ ਭਰਾ, ਸਾਡਾ ਇੱਕੋ ਖ਼ੁਦਾ: ਬਹੁਤੇ ਬੰਦਿਆਂ ਵਾਲੇ ਨੂੰ ਤਾਕਤ ਦਾ ਮਾਣ ਪਰ ਇਕੱਲੇ ਨੂੰ ਰੱਬ ਦਾ ਆਸਰਾ ਹੁੰਦਾ ਏ।
- ਉਹਦੇ ਚੱਟੇ ਤਾਂ ਰੁੱਖ ਵੀ ਹਰੇ ਨਹੀਂ ਹੁੰਦੇ: ਧੋਖੇਬਾਜ਼ ਫ਼ਿਤਰਤ ਵਾਲੇ ਬੰਦੇ ਬਾਰੇ ਕਿਹਾ ਜਾਂਦਾ ਹੈ ਜਿਹੜਾ ਕਿਸੇ ਦਾ ਸਕਾ ਨਾ ਹੋਵੇ।
- ਉਹਦੇ ਨਾਲ ਗੱਲ ਕਰਨ ਦਾ ਪਚਾਨਵਿਆਂ ਦਾ ਘਾਟਾ: ਇਹ ਅਖਾਣ ਉਹਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਹਮੇਸ਼ਾ ਲੜਾਈ ਲਈ ਤਿਆਰ ਖੜਾ ਹੋਵੇ, ਨਿੱਕੀ ਜਿਹੀ ਗੱਲ ਤੇ ਝੱਜੂ ਪਾ ਕੇ ਬਹਿ ਜਾਵੇ
- ਉਹਦੇ ਪੀਠੇ ਦਾ ਕੀ ਛਾਨਣਾ?: ਕਿਸੇ ਦੀ ਸੂਝ ਬੂਝ ਤੇ ਪੂਰਨ ਭਰੋਸਾ ਕਰਨਾ ਕਿ ਉਹ ਜੋ ਵੀ ਕਰੇਗਾ ਠੀਕ ਹੀ ਕਰੇਗਾ।
- ਉਹ ਨਾ ਕੁੱਦੇ, ਉਹਦੀ ਬਾਜਰੀ ਪਈ ਕੁੱਦੇ: ਫਸਲ ਚੰਗੀ ਭਰਪੂਰ ਹੋ ਜਾਣ ਤੇ ਜਦੋਂ ਕੋਈ ਹੰਕਾਰ ਦੀਆਂ ਗੱਲਾਂ ਕਰੇ ਤਾਂ ਇਸ ਤਰ੍ਹਾਂ ਆਖਦੇ ਹਨ।
- ਉਹ ਨਾ ਦੇਈਏ ਮੰਗਵਾਂ, ਜਿਸ ਦਿੱਤੇ ਪਛਤਾਏ: ਇਸ ਦਾ ਅਰਥ ਹੈ ਕਿ ਉਹ ਚੀਜ਼ ਕਦੇ ਮੰਗਵੀਂ ਨਹੀਂ ਦੇਣੀ ਚਾਹੀਦੀ ਜਿਹੜੀ ਬਹੁਤ ਕੀਮਤੀ ਹੋਵੇ ਅਤੇ ਜਾਂ ਜਿਹਦੇ ਬਿਨਾਂ ਆਪਣੇ ਘਰ ਦਾ ਪਲ ਵੀ ਸਰਦਾ ਨਾ ਹੋਵੇ। ਅਜਿਹੀ ਵਸਤੂ ਮੰਗਵੀਂ ਗਈ ਜੇ ਵਾਪਸ ਨਾ ਮੁੜੀ ਤਾਂ ਬਹੁਤ ਪਛਤਾਵਾ ਹੁੰਦਾ ਹੈ।
- ਉਹਨਾਂ ਦੇ ਕੁੱਤੇ ਤਾਂ ਅਸਮਾਨ ਤੇ ਭੌਂਕਦੇ ਆ: ਕਿਸੇ ਹੰਕਾਰੇ ਹੋਏ ਟੱਬਰ ਬਾਰੇ ਗੱਲ ਕਰਨ ਵੇਲੇ ਲੋਕ ਅਕਸਰ ਏਦਾਂ ਕਹਿੰਦੇ ਹਨ।
- ਉਹ ਨਾ ਬੋਲੇ, ਉਹਦੀ ਮਿੱਟੀ ਬੋਲੇ: ਗਲਤੀ ਫੜੀ ਜਾਣ ਤੇ ਸ਼ਰਮਿੰਦੇ ਹੋਏ ਬੰਦੇ ਲਈ ਵਰਤਦੇ ਹਨ ਜਿਹੜਾ ਸ਼ਰਮਿੰਦਗੀ ਵੱਸ ਕਿਸੇ ਗੱਲ ਦਾ ਜਵਾਬ ਨਾ ਦੇ ਸਕੇ।
- ਉਹਨਾਂ ਦਾ ਸ਼ਰੀਕਾ ਕਾਹਦਾ, ਰੱਬ ਜਿਹਨਾਂ ਦੀਆਂ ਮੰਨੇ: ਰੱਬ ਆਪਣੇ ਭਗਤਾਂ ਨੂੰ ਸਦਾ ਨਿਵਾਜ਼ਦਾ ਹੈ, ਉਹਨਾਂ ਨਾਲ ਕਿਸੇ ਆਮ ਬੰਦੇ ਦੀ ਕੀ ਬਰਾਬਰੀ ਹੋ ਸਕਦੀ ਹੈ।
- ਉਹ ਨਾਲ ਨਾ ਖੜੇ, ਉਹ ਘੋੜੀ ਤੇ ਚੜ੍ਹੇ: ਜਦੋਂ ਕੋਈ ਧੱਕੇ ਨਾਲ ਹੀ ਕਿਸੇ ਦਾ ਸਕਾ ਬਣਨ ਦੀ ਕੋਸ਼ਿਸ਼ ਕਰੇ ਪਰ ਅਗਲਾ ਉਹਦੇ ਨੇੜੇ ਨਾ ਲੱਗੇ ਤਾਂ ਇਹ ਕਹਾਵਤ ਵਰਦੀ ਜਾਂਦੀ ਹੈ।
- ਉਹ ਪਛਾਣੀਏਂ ਪੀਰ, ਜੋ ਤੁਰੰਤ ਗਵਾਵੇ ਪੀੜ: ਅਸਲ ਪੀਰ ਉਹ ਹੁੰਦਾ ਹੈ ਜਿਹੜਾ ਆਪਣੇ ਮੁਰੀਦ ਦਾ ਦੁੱਖ ਸਮਝ ਲਵੇ ਅਤੇ ਤੁਰੰਤ ਦੁੱਖ ਦਾ ਇਲਾਜ ਕਰ ਦੇਵੇ।
- ਉਹ ਪਿੰਡ ਕੀ ਵੱਸਣੇ, ਜਿੱਥੇ ਮੁਗਲਾਂ ਦੀ ਸਰਦਾਰੀ: ਮੁਗਲ ਹਮਲੇ ਕਰਕੇ ਜਨਤਾ ਦੀ ਬੜੀ ਲੁੱਟ ਮਾਰ ਕਰਦੇ ਸਨ। ਹਿੰਦੂਆਂ ਦੀਆਂ ਧੀਆਂ ਭੈਣਾਂ ਚੁੱਕ ਲਿਜਾਂਦੇ ਸਨ। ਜਿੱਥੇ ਜਿੱਥੇ ਵੀ ਉਹ ਪੁੱਜੇ, ਪਿੰਡਾਂ ਦੇ ਪਿੰਡ ਉੱਜੜ ਗਏ।