Wq/pa/ਪੰਜਾਬੀ ਅਖਾਣ/ਹ
Appearance
- ਹਸਾਏ ਦਾ ਨਹੀਂ, ਰੁਆਏ ਦਾ ਹੋ ਜਾਂਦਾ : ਕਿਸੇ ਦਾ ਕੰਮ ਸਵਾਰ ਦੇਈਏ ਤਾਂ ਅਗਲਾ ਅਹਿਸਾਨ ਭਾਵੇਂ ਨਾ ਮੰਨੇ ਪਰ ਜੇ ਕੰਮ ਗਲਤ ਵਿਗੜ ਜਾਵੇ ਤਾਂ ਉਲਾਂਭਾ ਜਰੂਰ ਦਿੰਦਾ ਹੈ।
- ਹਕੀਮ ਦਾ ਯਾਰ ਯੋਗੀ, ਪੰਡਤ ਦਾ ਯਾਰ ਸੋਗੀ : ਇਸ ਦਾ ਭਾਵ ਹੈ ਕਿ ਪੰਡਿਤ ਨਾਲ ਰਹਿਣ ਵਾਲਾ ਬੰਦਾ ਵਹਿਮੀ ਹੋ ਜਾਂਦਾ ਹੈ। ਹਰ ਗੱਲ ਨੂੰ ਭਰਮ ਦੀ ਤੱਕੜੀ ਵਿੱਚ ਤੋਲ ਕੇ ਉਦਾਸ ਹੁੰਦਾ ਰਹਿੰਦਾ ਹੈ, ਜਦ ਕਿ ਹਕੀਮ ਦੇ ਨੇੜੇ ਰਹਿਣ ਵਾਲਾ ਹਿਕਮਤ ਸਿੱਖ ਕੇ ਲਾਭ ਉਠਾ ਲੈਂਦਾ ਹੈ।
- ਹਕੂਮਤ ਨਵਾਬ ਅਬਦੁੱਲਾ, ਚੱਕੀ ਰਹੀ ਨਾ ਚੁੱਲ੍ਹਾ : ਮਾੜੇ ਹਾਕਮ ਦੇ ਰਾਜ ਵਿੱਚ ਜਨਤਾ ਅਕਸਰ ਭੁੱਖੀ ਹੀ ਮਰਦੀ ਹੈ।
- ਹਜ਼ਾਮਤ ਕੀਤਿਆਂ ਮੁਰਦੇ ਦਾ ਭਾਰ ਨਹੀਂ ਘੱਟ ਜਾਂਦਾ : ਲੱਖਾਂ ਦੇ ਕਰਜ਼ੇ ਵਿੱਚੋਂ ਜੇ ਕਰਜਦਾਰ ਸੌ ਦੋ ਸੌ ਛੱਡ ਵੀ ਦਿੰਦਾ ਹੈ ਤਾਂ ਇਹਦੇ ਨਾਲ ਕਰਜ਼ਾਈ ਬੰਦੇ ਦਾ ਕਰਜ਼ਾ ਘੱਟ ਨਹੀਂ ਹੋ ਜਾਂਦਾ।
- ਹਥਿਆਰ ਉਹ ਜੋ ਵੇਲੇ ਸਿਰ ਕੰਮ ਆਵੇ : ਹਥਿਆਰ ਓਹੀ ਹੁੰਦਾ ਹੈ ਜਿਹੜਾ ਮੌਕੇ ਤੇ ਹੱਥ ਵਿੱਚ ਹੋਵੇ ਅਤੇ ਵਰਤਿਆ ਜਾ ਸਕੇ। ਘਰ ਪਏ ਦਾ ਕੋਈ ਆਸਰਾ ਨਹੀਂ ਹੁੰਦਾ।
- ਹਥਿਆਰ ਹੱਥ ਦਾ, ਪੈਸਾ ਗੱਠ ਦਾ : ਹਥਿਆਰ ਉਹ ਜੋ ਹੱਥ ਵਿੱਚ ਹੋਵੇ ਅਤੇ ਦੁਸ਼ਮਣ ਨਾਲ ਟਾਕਰੇ ਵੇਲੇ ਕੰਮ ਦੇਵੇ। ਪੈਸਾ ਉਹ ਚੰਗਾ ਜਿਹੜਾ ਜੇਬ ਵਿੱਚ ਹੋਵੇ ਅਤੇ ਲੋੜ ਵੇਲੇ ਵਰਤਿਆ ਜਾ ਸਕੇ। ਉਧਾਰ ਦੇ ਪੈਸੇ ਦਾ ਪਤਾ ਨਹੀਂ ਹੁੰਦਾ ਮਿਲੇ ਕਿ ਨਾ ਮਿਲੇ।
- ਹਥਿਆਰ ਨਾਲੋਂ ਹੰਕਾਰ ਬੁਰਾ : ਇਨਸਾਨੀ ਮਨ ਵਿਚਲਾ ਹੰਕਾਰ ਹਥਿਆਰ ਨਾਲੋਂ ਵਧੇਰੇ ਮਾਰੂ ਸਾਬਤ ਹੁੰਦਾ ਹੈ।
- ਹਨੇਰ ਨਗਰੀ ਬੇਦਾਦ ਰਾਜਾ, ਜਿਸ ਭਾਅ ਭਾਜੀ ਉਸੇ ਭਾਅ ਖਾਜਾ : ਜਿੱਥੇ ਨ੍ਹੇਰ ਗਰਦੀ ਮੱਚੀ ਹੋਈ ਹੋਵੇ, ਓਥੇ ਚੰਗੇ ਮਾੜੇ ਦੀ ਪਹਿਚਾਣ ਨਹੀਂ ਰਹਿ ਜਾਂਦੀ। ਗਊ ਗਧੇ ਦਾ ਇੱਕੋ ਮੁੱਲ ਪਾ ਦਿੱਤਾ ਜਾਂਦਾ ਹੈ। (ਭਾਜੀ = ਸਬਜ਼ੀ, ਖਾਜਾ = ਮਠਿਆਈ)
- ਹਨੇਰ ਪਿਆ ਸਰਕਾਰ ਨੂੰ, ਚੋਰ ਬੰਨ੍ਹੇ ਕੋਤਵਾਲ ਨੂੰ : ਮੁਲਕ ਵਿੱਚ ਐਨੀ ਹਨੇਰ ਗਰਦੀ ਮੱਚ ਜਾਣੀ ਕਿ ਚੋਰ ਡਾਕੂ ਕਾਨੂੰਨ ਦੀ ਰੱਤੀ ਭਰ ਵੀ ਪਰਵਾਹ ਨਾ ਕਰਨ, ਉਲਟਾ ਪੁਲਿਸ ਦੇ ਹਾਵੀ ਹੋਏ ਰਹਿਣ।
- ਹਨੇਰੀ ਆਈ ਹੈ ਤਾਂ ਮੀਂਹ ਵੀ ਆਊਗਾ : ਜੇ ਘਰ ਧੀ ਜੰਮੀ ਹੈ ਤਾਂ ਪੁੱਤਰ ਦੀ ਵੀ ਆਸ ਰੱਖੋ।
- ਹਮਸਾਏ, ਮਾਂ ਪਿਓ ਜਾਏ : ਇਸਦਾ ਭਾਵ ਹੈ ਕਿ ਜੇ ਪਿਆਰ ਨਾਲ ਰਹੀਏ ਤਾਂ ਗੁਆਂਢੀ ਸਕੇ ਭਰਾਵਾਂ ਵਾਂਗੂੰ ਦੁੱਖ ਸੁੱਖ ਵਿੱਚ ਸਾਥ ਦਿੰਦੇ ਹਨ।
- ਹਮਦਰਦੀ ਪਿਆਰ ਦੀ ਪਹਿਲੀ ਪੌੜੀ ਹੈ : ਕਿਸੇ ਲਈ ਮਨ ਵਿੱਚ ਪੈਦਾ ਹੋਈ ਹਮਦਰਦੀ ਹੌਲੀ ਹੌਲੀ ਪਿਆਰ ਦਾ ਰੂਪ ਧਾਰ ਲੈਂਦੀ ਹੈ।
- ਹਮ ਨਾ ਵਿਆਹੇ ਤਾਂ ਕਾਹਦੇ ਸਾਹੇ : ਬੰਦੇ ਨੂੰ ਦੂਸਰਿਆਂ ਦੀ ਖੁਸ਼ੀ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਜਿੰਨਾ ਚਿਰ ਓਹੀ ਖੁਸ਼ੀ ਉਹਨੂੰ ਖ਼ੁਦ ਨੂੰ ਪ੍ਰਾਪਤ ਨਹੀਂ ਹੁੰਦੀ।