Jump to content

Wq/pa/ਪੰਜਾਬੀ ਅਖਾਣ/ਸ

From Wikimedia Incubator
  1. ਸਸਤਾ ਅੰਨ ਘਰ ਘਰ ਪੂਜਾ : ਜਦੋਂ ਅਨਾਜ ਸਸਤਾ ਹੋਵੇ ਓਦੋਂ ਗਰੀਬ ਲੋਕ ਵੀ ਨਿਸਚਿੰਤ ਹੋ ਕੇ ਆਪਣੇ ਘਰ ਦਿਨ ਤਿਓਹਾਰ ਮਨਾਉਂਦੇ ਹਨ।
  2. ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇੱਕੋ ਵਾਰ : ਇਸ ਅਖਾਣ ਦਾ ਅਰਥ ਹੈ ਕਿ ਸਸਤੀ ਚੀਜ਼ ਛੇਤੀ ਹੀ ਖਰਾਬ ਹੋ ਜਾਂਦੀ ਹੈ ਜਦੋਂ ਕਿ ਮਹਿੰਗੀ ਵਸਤੂ ਬਹੁਤੀ ਦੇਰ ਤੱਕ ਹੰਢਦੀ ਹੈ।
  3. ਸਹਿਆ ਅੰਗੂਰੀ ਦਾ, ਤੋਤਾ ਚੂਰੀ ਦਾ : ਬੰਦਾ ਅਕਸਰ ਓਥੇ ਵਾਰ-ਵਾਰ ਜਾਂਦਾ ਹੈ ਜਿੱਥੋਂ ਚੰਗਾ ਖਾਣ ਨੂੰ ਮਿਲੇ। ਜਿਵੇਂ ਸਹਿਆ ਹਰ ਰੋਜ਼ ਨਵੀਂ ਉੱਗੀ ਫਸਲ ਦੀਆਂ ਨਰਮ ਕਰੂੰਬਲਾਂ ਖਾਣ ਜਾਂਦਾ ਹੈ ਅਤੇ ਤੋਤਾ ਚੂਰੀ ਦੇ ਲਾਲਚ ਨੂੰ ਪਿੰਜਰੇ ਵਿੱਚ ਰਹਿਣ ਗਿੱਝ ਜਾਂਦਾ ਹੈ।
  4. ਸਹਿਕ ਸਹਿਕ ਕੇ ਚੰਦ ਚੜ੍ਹਿਆ, ਉਹ ਵੀ ਵਿੰਗ ਤੜਿੰਗ : ਜਦੋਂ ਤਰਸ ਤਰਸ ਕੇ ਕੋਈ ਚੀਜ਼ ਪ੍ਰਾਪਤ ਹੋਈ ਹੋਵੇ ਤੇ ਉਹ ਵੀ ਚੰਗੀ ਨਾ ਨਿਕਲੇ ਤਾਂ ਇਹ ਅਖਾਣ ਪਾਉਂਦੇ ਹਨ।
  5. ਸਹਿਜ ਪੱਕੇ ਸੋ ਮਿੱਠਾ ਹੋਏ : ਇਸ ਦਾ ਭਾਵ ਹੈ ਕਿ ਕਾਹਲੀ ਵਿੱਚ ਕੀਤੇ ਗਏ ਕੰਮ ਨਾਲੋਂ ਸਹਿਜ ਸਹਿਜ ਤਸੱਲੀ ਨਾਲ ਕੀਤਾ ਗਿਆ ਕੰਮ ਚੰਗਾ ਹੁੰਦਾ ਹੈ।
  6. ਸ਼ਹਿ ਪਰਾਈ ਆਕੜੇ, ਨੌਕਰ-ਚਾਕਰ, ਮੁੰਜ : ਜਿਵੇਂ ਮੁੰਜ ਦਾ ਵਾਣ ਪਾਣੀ ਦੇ ਸਿਰ ਤੇ ਆਕੜਦਾ ਹੈ, ਉਸੇ ਤਰ੍ਹਾਂ ਹੀ ਨੌਕਰ ਆਪਣੇ ਮਾਲਕ ਦੇ ਆਸਰੇ ਤੇ ਆਕੜਦਾ ਹੈ।
  7. ਸ਼ਹਿਰ ਜਿਨ੍ਹਾਂ ਦੇ ਰਹੀਏ, ਹਾਂ ਜੀ ਹਾਂ ਜੀ ਕਰੀਏ : ਜਿਹਦੀ ਛਤਰ ਛਾਇਆ ਹੇਠ ਰਹਿਣਾ ਹੋਵੇ, ਉਹਦੀ ਹਰ ਗੱਲ ਮੰਨਣੀ ਪੈਂਦੀ ਹੈ।
  8. ਸ਼ਹਿਰ ਦਿੱਤਾ ਢੰਡੋਰਾ ਤੇ ਪਿੰਡ ਫਿਰੇ ਬਖਤੌਰਾ : ਜਦੋਂ ਬਿਨਾਂ ਬਹੁਤੀ ਪੁੱਛ ਪੜਤਾਲ ਕੀਤਿਆਂ ਕਿਸੇ ਚੀਜ਼ ਦੇ ਗਵਾਚੀ ਹੋਣ ਬਾਰੇ ਰੌਲਾ ਪਾ ਦਿੱਤਾ ਜਾਵੇ ਪਰ ਚੀਜ਼ ਆਪਣੇ ਘਰੋਂ ਹੀ ਮਿਲ ਜਾਵੇ ਤਾਂ ਕਿਹਾ ਜਾਂਦਾ ਹੈ।
  9. ਸ਼ਹਿਰ ਦੀ ਸੌ ਦਵਾ, ਪਿੰਡ ਦੀ ਇੱਕ ਹਵਾ : ਪਿੰਡਾਂ ਵਿੱਚ ਵੱਸਣਾ ਸ਼ਹਿਰ ਵਿੱਚ ਵੱਸਣ ਨਾਲੋਂ ਬਿਹਤਰ ਹੁੰਦਾ ਹੈ। ਪਿੰਡਾਂ ਦੀ ਸਾਫ ਸੁਥਰੀ ਹਵਾ ਬੰਦੇ ਨੂੰ ਕਈ ਰੋਗਾਂ ਤੋਂ ਬਚਾ ਲੈਂਦੀ ਹੈ।
  10. ਸ਼ਹਿਰ ਦੀ ਚਿੜੀ, ਪਿੰਡ ਦੀ ਕੁੜੀ ਇੱਕ ਬਰਾਬਰ : ਪਿੰਡਾਂ ਦੀਆਂ ਕੁੜੀਆਂ ਸ਼ਹਿਰਾਂ ਦੀਆਂ ਕੁੜੀਆਂ ਨਾਲੋਂ ਬਹੁਤ ਜ਼ਿਆਦਾ ਭੋਲੀਆਂ ਹੁੰਦੀਆਂ ਹਨ। ਕਿਹਾ ਜਾਂਦਾ ਹੈ ਕਿ ਸ਼ਹਿਰਾਂ ਦੀਆਂ ਚਿੜੀਆਂ ਵੀ ਪਿੰਡਾਂ ਦੀਆਂ ਕੁੜੀਆਂ ਨਾਲੋਂ ਚੁਸਤ ਚਲਾਕ ਹੁੰਦੀਆਂ ਹਨ।
  11. ਸ਼ਹਿਰ ਦੀ ਰਾਮ ਰਾਮ ਫੋਕੀ, ਪਿੰਡ ਦੀ ਲੱਸੀ ਵਿੱਚ ਮੱਖਣੀ ਠੋਕੀ : ਸ਼ਹਿਰਾਂ ਵਿੱਚ ਲੋਕ ਕਿਸੇ ਦੇ ਮਿਲਣ ਤੇ ਰਾਮ ਰਾਮ ਬੁਲਾ ਕੇ ਅੱਗੇ ਲੰਘ ਜਾਂਦੇ ਹਨ ਪਰ ਪਿੰਡਾਂ ਵਿੱਚ ਆਉਣ ਵਾਲੇ ਨੂੰ ਬਿਨਾਂ ਕਹੇ ਲੱਸੀ ਦਾ ਗਿਲਾਸ ਵਿੱਚ ਮੱਖਣ ਪਾ ਕੇ, ਨਾਲ ਗੁੜ ਦੀ ਡਲੀ ਖਾਣ ਵਾਸਤੇ ਦਿੰਦੇ ਹਨ।
  12. ਸ਼ਹਿਰ ਦੇ ਝੋਰੇ ਕਾਜੀ ਮੋਇਆ, ਸ਼ਹਿਰ ਵਸੇਂਦਾ ਘੁੱਗ : ਇਸ ਅਖਾਣ ਦਾ ਭਾਵ ਹੈ ਕਿ ਬੇਵਜ੍ਹਾ ਹੀ ਕਿਸੇ ਦੇ ਫਿਕਰ ਵਿੱਚ ਸੁੱਕਦੇ ਰਹਿਣਾ। ਅਗਲਾ ਭਾਵੇਂ ਚੰਗਾ ਭਲਾ ਹੋਵੇ।