Wq/pa/ਪੰਜਾਬੀ ਅਖਾਣ/ਵ
Appearance
- ਵਧੀ ਨੂੰ ਕੋਈ ਖਤਰਾ ਨਹੀਂ ਤੇ ਘਟੀ ਦਾ ਕੋਈ ਦਾਰੂ ਨਹੀਂ: ਜਦ ਕੋਈ ਬਿਮਾਰ ਹੋਵੇ, ਤਾਂ ਇਹ ਦੱਸਣ ਲਈ ਕਿ ਜੇ ਇਸ ਦੇ ਭਾਗਾਂ ਵਿਚ ਅਜੇ ਕੁਝ ਹੋਰ ਸਮਾਂ ਜੀਉਣਾ ਲਿਖਿਆ ਹੈ, ਤਾਂ ਇਸ ਨੂੰ ਕੋਈ ਖ਼ਤਰਾ ਨਹੀਂ, ਪਰ ਜੇ ਇਸ ਦੀ ਉਮਰ ਪੁੱਗ ਚੁੱਕੀ ਹੈ, ਤਾਂ ਇਹਨੂੰ ਕੋਈ ਵੀ ਦਵਾਈ ਬਚਾ ਨਹੀਂ ਸਕਦੀ, ਤਾਂ ਇਹ ਅਖਾਣ ਵਰਤਦੇ ਹਨ।
- ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾ ਜਾਂਦੀਆਂ ਹਨ: ਤਕੜੇ ਤੇ ਧਨਾਢ ਆਦਮੀ ਮਾੜੇ ਤੇ ਗ਼ਰੀਬ ਆਦਮੀਆਂ ਨੂੰ ਲੁੱਟ ਕੇ ਖਾ ਜਾਂਦੇ ਹਨ।
- ਵੰਝਲੀ ਦਾ ਕੀ ਵਜਾਉਣਾ, ਮੂੰਹ ਹੀ ਵਿੰਗਾ ਕਰਨਾ ਹੈ: ਜਦ ਕੋਈ ਆਦਮੀ ਕਿਸੇ ਔਖੇ ਕੰਮ ਬਾਰੇ ਆਖੇ ਕਿ ਇਹ ਬੜਾ ਸੌਖਾ ਹੈ, ਉਹਨੂੰ ਮਖੌਲ ਵਜੋਂ ਕਹਿੰਦੇ ਹਨ।
- ਵੰਡ ਖਾਵੇ ਖੰਡ ਖਾਵੇ: ਇਸ ਅਖਾਣ ਵਿਚ ਵੰਡ ਕੇ ਖਾਣ ਦੀ ਮਹੱਤਤਾ ਨੂੰ ਦਰਸਾਇਆ ਹੈ।
- ਵਾਹ ਕਰਮਾਂ ਦਿਆ ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ: ਜਦ ਕੋਈ ਜਤਨ ਚੰਗੇ ਫਲ ਲਈ ਕਰੇ, ਪਰ ਮਿਲੇ ਉਹਨੂੰ ਘਟੀਆ, ਤਾਂ ਕਹਿੰਦੇ ਹਨ।
- ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ: ਕਿਸੇ ਨਾਲ ਵਰਤ ਕੇ ਜਾਂ ਉਸ ਦੇ ਨਾਲ ਸਫ਼ਰ ਕਰਕੇ ਹੀ ਉਸ ਦੇ ਚੰਗੇ ਮਾੜੇ ਸੁਭਾਅ ਦਾ ਪਤਾ ਲੱਗ ਸਕਦਾ ਹੈ।
- ਵਾਹੁੰਦਿਆਂ ਦੀ ਜੋਗ ਗਈ ਤੇ ਚੋਬਰਾਂ ਦੇ ਜੰਮ ਪਈ: ਜਦ ਕੋਈ ਜਣਾ ਮਿਹਨਤ ਕਰ ਕਰ ਕੇ ਖਪਦਾ ਰਹੇ, ਪਰ ਉਹਨੂੰ ਤਾਂ ਹੱਥ ਕੁਝ ਵੀ ਨਾ ਆਵੇ, ਤੇ ਵਿਹਲੜ ਹੱਥ ਰੰਗ ਬਹਿਣ, ਤਾਂ ਕਹਿੰਦੇ ਹਨ।
- ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ: ਪੱਕੇ ਹੋਏ ਸੁਭਾਅ ਬਦਲਾਏ ਨਹੀਂ ਜਾ ਸਕਦੇ।
- ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ: ਪੱਕੇ ਹੋਏ ਸੁਭਾਅ ਬਦਲਾਏ ਨਹੀਂ ਜਾ ਸਕਦੇ।
- ਵਿਆਹ ਵਿਚ ਬੀ ਦਾ ਲੇਖਾ: ਜਦ ਕੋਈ ਵੱਡੀ ਜ਼ਰੂਰੀ ਗੱਲ ਹੋ ਰਹੀ ਹੋਵੇ, ਤੇ ਲਾਗੋਂ ਕੋਈ ਜਣਾ ਨਿਕੰਮੀ ਤੇ ਗ਼ੈਰ-ਜ਼ਰੂਰੀ ਜਿਹੀ ਗੱਲ ਛੇੜ ਬੈਠੇ, ਤਾਂ ਕਹਿੰਦੇ ਹਨ।
- ਵਿਆਹ ਹੋਇਆ ਮਾਨੇ ਦਾ, ਲੂਣ ਲਗਿਆ ਆਨੇ ਦਾ: ਜਦੋਂ ਕੋਈ ਗ਼ਰੀਬੀ ਕਾਰਨ ਵਿਆਹ ਤੇ ਬਹੁਤਾ ਖ਼ਰਚ ਨਾ ਸਕੇ ਤਾਹਨੇ ਵਜੋਂ ਇਹ ਅਖਾਣ ਵਰਤਦੇ ਹਨ।
- ਵਿਹਲੀ ਜੱਟੀ ਉੱਨ ਵੇਲੇ: ਜਦ ਕੋਈ ਵਿਹਲਾ ਹੋਣ ਕਰਕੇ ਐਵੇਂ ਫਜ਼ੂਲ ਜਿਹੇ ਕੰਮ ਕਰ ਰਿਹਾ ਹੋਵੇ, ਤਾਂ ਕਹਿੰਦੇ ਹਨ।
- ਵਿਹਲੀ ਰੰਨ ਪਰਾਹੁਣਿਆਂ ਜੋਗੀ: ਜਦ ਕੋਈ ਵਿਹਲਾ ਹੋਣ ਕਰਕੇ ਐਵੇਂ ਫਜ਼ੂਲ ਜਿਹੇ ਕੰਮ ਕਰ ਰਿਹਾ ਹੋਵੇ, ਤਾਂ ਕਹਿੰਦੇ ਹਨ।
- ਵੇਲਾ ਨਿਕਲ ਜਾਂਦਾ ਹੈ, ਗੱਲ਼ ਚੇਤੇ ਰਹਿ ਜਾਂਦੀ ਹੈ: ਜਦੋਂ ਕਿਸੇ ਗੋਚਰਾ ਕੋਈ ਕੰਮ ਹੋਵੇ ਤੇ ਉਹ ਅੱਗੋਂ ਨਾਂਹ ਕਰ ਦੇਵੇ, ਤਾਂ ਇਹ ਅਖਾਣ ਵਰਤਦੇ ਹਨ। ਇਹ ਗੱਲ ਸਮਝਾਉਣ ਲਈ ਕਿ ਭਾਈ ਵੇਲਾ ਤਾਂ ਔਖੇ ਸੌਖੇ ਟੱਪ ਹੀ ਜਾਵੇਗਾ, ਪਰ ਤੁਹਾਡੀ ਇਹ ਨਾਂਹ ਜ਼ਰੂਰ ਚੇਤੇ ਰਹੇਗੀ।
- ਵੇਲਾ ਵਖ਼ਤ ਵਿਹਾਇਆ, ਹੁਣ ਕੀ ਬਣੇ ਪਛਤਾਇਆਂ ?: ਮੌਕਾ ਖੁਝਾਉਣ ਤੋਂ ਬਾਅਦ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ।
- ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ: ਕੰਮ ਵੇਲੇ ਸਿਰ ਕੀਤਾ ਜਾਵੇ, ਤਾਂ ਹੀ ਠੀਕ ਰਹਿੰਦਾ ਹੈ, ਜਦ ਕੰਮ ਦਾ ਅਸਲੀ ਵੇਲਾ ਲੰਘ ਜਾਵੇ, ਤਾਂ ਮਗਰੋਂ ਵਾਧੂ ਖਪਾ ਹੀ ਹੁੰਦਾ ਹੈ, ਲਾਭ ਨਹੀਂ ਹੁੰਦਾ।