Wq/pa/ਪੰਜਾਬੀ ਅਖਾਣ/ਲ
Appearance
- ਲੜਦਿਆਂ ਦੇ ਪਿੱਛੇ ਤੇ ਭੱਜਦਿਆਂ ਦੇ ਅੱਗੇ: ਜਦ ਇਹ ਦੱਸਣਾ ਹੋਵੇ ਕਿ ਇਹ ਬੰਦਾ ਬੜਾ ਡਰਾਕਲ ਹੈ, ਖਤਰੇ ਦੇ ਨੇੜੇ ਨਹੀਂ ਜਾਂਦਾ, ਤਾਂ ਕਹਿੰਦੇ ਹਨ।
- ਲੜੀ ਘਰਦਿਆਂ ਨਾਲ, ਤੇ ਦਾਦੇ ਪਿੱਟੇ ਗੁਆਂਢੀਆਂ ਦੇ: ਜਦੋਂ ਕੋਈ ਰੁੱਸੇ ਕਿਸੇ ਹੋਰ ਨਾਲ ਤੇ ਗੁੱਸਾ ਕਿਸੇ ਹੋਰ ਤੇ ਕੱਢੇ, ਉਦੋਂ ਇਹ ਅਖਾਣ ਵਰਤਦੇ ਹਨ।
- ਲੜਨ ਫ਼ੌਜਾਂ ਨਾਂ ਸਰਦਾਰਾਂ ਦਾ: ਜਦੋਂ ਕੰਮ ਕੋਈ ਹੋਰ ਕਰੇ ਤੇ ਨਾਂ ਕਿਸੇ ਹੋਰ ਦਾ ਹੋਵੇ, ਉਦੋਂ ਵਰਤਿਆ ਜਾਂਦਾ ਹੈ।
- ਲੰਮੀ ਜੀਭ ਤੇ ਛੇਤੀ ਮੌਤ: ਜਦ ਕੋਈ ਐਵੇਂ ਵਾਧੂ ਘਾਟੂ ਗੱਲਾਂ ਕਰੀ ਜਾਵੇ ਅਤੇ ਅਜਿਹੇ ਸੁਭਾ ਦੇ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।
- ਲਾਗੀਆਂ ਨੇ ਲਾਗ ਲੈਣਾ ਏ, ਭਾਵੇਂ ਜਾਂਦੀ ਹੀ ਰੰਡੀ ਹੋ ਜਾਵੇ: ਜਿਸ ਨੇ ਮਿਹਨਤ ਕਰਕੇ ਕਿਸੇ ਲਈ ਕੋਈ ਸ਼ੈਅ ਤਿਆਰ ਕੀਤੀ ਜਾਂ ਲਿਆਂਦੀ ਹੋਵੇ, ਉਹਨੇ ਤਾਂ ਆਪਣਾ ਮਿਹਨਤਾਨਾ ਲੈ ਹੀ ਲੈਣਾ ਹੈ, ਉਹ ਚੀਜ਼ ਮਾਲਕ ਦੇ ਭਾਵੇਂ ਕੰਮ ਆਵੇ ਤੇ ਭਾਵੇਂ ਨਾ ਆਵੇ।
- ਲਾਜ ਮਰੇਂਦਾ ਅੰਦਰ ਵੜੇ, ਮੂਰਖ ਆਖੇ ਮੈਥੋਂ ਡਰੇ: ਜਦ ਕੋਈ ਕੁਪੱਤਾ ਮੂਰਖ ਆਦਮੀ ਕਿਸੇ ਸਾਊ ਬੰਦੇ ਨੂੰ ਸਤਾਵੇ, ਅਤੇ ਉਹ ਅੱਗੋਂ ਆਪਣੀ ਇੱਜ਼ਤ ਦਾ ਖਿਆਲ ਕਰਕੇ ਚੁੱਪ ਰਹੇ, ਤੇ ਇਹ ਵੇਖ ਕੇ ਮੂਰਖ ਹੋਰ ਵੀ ਸਿਰ ਚੜ੍ਹੇ, ਤਾਂ ਕਹਿੰਦੇ ਹਨ।
- ਲਾਠੀ ਮਾਰਿਆਂ ਪਾਣੀ ਦੋ ਨਹੀਂ ਹੁੰਦੇ: ਜਦੋਂ ਦੋ ਭਰਾ ਜਾਂ ਬਹੁਤ ਨਜ਼ਦੀਕੀ ਦੋਸਤ-ਰਿਸ਼ਤੇਦਾਰ ਆਪਸ ਵਿੱਚ ਲੜਣ ਦੇ ਬਾਵਜੂਦ ਕਿਸੇ ਮੁਸੀਬਤ ਵੇਲੇ ਇਕੱਠੇ ਹੋ ਜਾਣ, ਉਦੋਂ ਵਰਤਦੇ ਹਨ।
- ਲਾਲ ਗੋਦੜੀਆ ਵਿਚ ਨਹੀਂ ਲੁਕੇ ਰਹਿੰਦੇ: ਗ਼ਰੀਬੀ ਹੋਣਹਾਰ ਬੱਚਿਆ ਦੀ ਰਾਹ ਨਹੀਂ ਰੋਕ ਸਕਦੀ।
- ਲਿਖੇ ਮੂਸਾ ਪੜ੍ਹੇ ਖੁਦਾ: ਜਦ ਕਿਸੇ ਦੀ ਲਿਖਤ ਭੈੜੀ ਹੋਵੇ ਤੇ ਕਿਸੇ ਤੋਂ ਪੜ੍ਹੀ ਨਾ ਜਾ ਸਕੇ ।
- ਲੁੱਚਾ ਆਖੇ ਮੈਂ ਸਭ ਤੋਂ ਉੱਚਾ: ਜਦੋਂ ਬਦਮਾਸ਼ ਤੇ ਲੜਾਕੇ ਬੰਦੇ ਸਮਾਜ ਵਿਚ ਚੌਧਰੀ ਅਖਵਾਣ, ਉਦੋਂ ਵਰਤਦੇ ਹਨ।
- ਲੇਖਾ ਮਾਵਾਂ ਧੀਆਂ ਦਾ, ਟਕਾ ਲੇਖ ਬਖਸ਼ੀਸ਼: ਲੇਖਾ ਕਰਨ ਲੱਗੀਏ ਤਾਂ ਪੂਰਾ ਪੂਰਾ ਕਰੀਏ, ਲੇਖੇ ਵਿਚ ਲਿਹਾਜ਼ ਨਹੀਂ ਕੀਤਾ ਜਾ ਸਕਦਾ, ਉਂਝ ਦਾਨ ਜਾਂ ਛੱਡ ਜਿੰਨੀ ਦਿਲ ਆਵੇ ਕਰ ਦੇਈਏ।
- ਲੈਣ ਦਾ ਸ਼ਾਹ, ਦੇਣ ਦਾ ਦਿਵਾਲੀਆ: ਜਦ ਕੋਈ ਹੋਰਨਾਂ ਪਾਸੋਂ ਸ਼ੈਆਂ ਜਾਂ ਪੈਸੇ ਲੈਣ ਵਿਚ ਤਾਂ ਬਹੁਤ ਚੁਸਤ ਅਤੇ ਦਲੇਰ ਹੋਵੇ, ਪਰ ਲੈ ਕੇ ਵਾਪਸ ਨਾ ਦੇਵੇ, ਜਾਂ ਕਿਸੇ ਨੂੰ ਕੁਝ ਮੰਗਵਾਂ ਨਾ ਦੇਵੇ, ਤਾਂ ਕਹਿੰਦੇ ਹਨ।
- ਲੈਣ ਵਿਆਜੀ ਦੇਣ ਉਧਾਰੇਹਨਾਂ ਦੇ ਕਿਉਂ ਨਾਂ ਰਹਿਣ ਕੁਆਰੇ ?: ਜਿਹੜਾ ਆਪ ਕਰਜ ਲੈ ਕੇ ਹੋਰਨਾਂ ਨੂੰ ਉਧਾਰ ਦੇ ਛੱਡੇ, ਉਹ ਗ਼ਰੀਬ ਹੀ ਰਹਿੰਦਾ ਹੈ।
- ਲੈਣਾ ਇਕ ਨਾ ਦੇਣੇ ਦੋ: ਸਾਡਾ ਇਸ ਮਾਮਲੇ ਨਾਲ ਉੱਕਾ ਹੀ ਕੋਈ ਵਾਸਤਾ ਨਹੀਂ।
- ਲੋਹੇ ਨੂੰ ਲੋਹਾ ਕੱਟਦਾ ਹੈ: ਅਮੀਰ ਦਾ ਟਾਕਰਾ ਅਮੀਰ ਹੀ ਕਰ ਸਕਦਾ ਹੈ। ਐਸੇ ਨਾਲ ਤੈਸਾ ਹੀ ਵਾਰਾ-ਸਾਰਾ ਲੈ ਸਕਦਾ ਹੈ।
- ਲੋਕਾਂ ਨੂੰ ਲੋਕਾਂ ਨਾਲ, ਗਗੜੀ ਨੂੰ ਜੋਕਾਂ ਨਾਲ: ਜਿਸ ਸ਼ੈਅ ਦੀ ਕਿਸੇ ਨੂੰ ਗਰਜ਼ ਹੁੰਦੀ ਹੈ, ਉਹਨੂੰ ਉਹਦਾ ਹੀ ਖਿਆਲ ਫ਼ਿਕਰ ਹੁੰਦਾ ਹੈ।
- ਲੋੜ ਵੇਲੇ ਤਾਂ ਖੋਤੇ ਨੂੰ ਵੀ ਪਿਓ ਆਖ ਲਈਦਾ ਹੈ: ਕਈ ਵੇਰ ਆਪਣਾ ਬੁੱਤਾ ਸਾਰਨ (ਮਤਲਬ ਕੱਢਣ) ਲਈ ਭੈੜਿਆਂ ਦੀ ਵੀ ਖੁਸ਼ਾਮਦ ਕਰਨੀ ਪੈਂਦੀ ਹੈ।