Wq/pa/ਪੰਜਾਬੀ ਅਖਾਣ/ਰ
Appearance
- ਰੱਸੀ ਸੜ ਗਈ ਪਰ ਵਲ ਨਾ ਗਿਆ: ਜਦ ਕੋਈ ਪਹਿਲਾਂ ਅਮੀਰ ਜਾਂ ਉੱਚੀ ਪਦਵੀ ਵਾਲਾ ਤੇ ਆਕੜ ਖਾਂ ਹੋਵੇ, ਤੇ ਫੇਰ ਗ਼ਰੀਬ ਹੋ ਜਾਵੇ, ਜਾਂ ਪਦਵੀ ਤੋਂ ਲੱਥ ਜਾਵੇ, ਪਰ ਆਕੜ ਨਾ ਛੱਡੇ, ਤਾਂ ਕਹਿੰਦੇ ਹਨ।
- ਰੱਖ ਪਤ, ਰਖਾ ਪਤ: ਜੀ ਆਖ ਤੇ ਜੀ ਅਖਵਾ, ਜੇ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ, ਤਾਂ ਤੁਸੀਂ ਲੋਕਾਂ ਦੀ ਇੱਜ਼ਤ ਕਰੋ।
- ਰੱਖੇ ਰੱਬ ਤਾਂ ਮਾਰੇ ਕੌਣ: ਜਿਸ ਬੰਦੇ ਨੂੰ ਰੱਬ ਦਾ ਆਸਰਾ ਹੋਵੇ ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।
- ਰੱਜ ਨੂੰ ਚੱਜ: ਪੱਲੇ ਪੈਸੇ ਹੋਣ ਨਾਲ ਹਰ ਕਿਸੇ ਨੂੰ ਵਿਆਹ ਢੰਗਾਂ ਤੇ ਸੁਆਰਥਾਂ ਆਦਿ ਤੇ ਖਰਚ ਕਰਨ ਦੀ ਜਾਂਚ ਆ ਜਾਂਦੀ ਹੈ।
- ਰੱਬ ਨੇੜੇ ਕਿ ਘਸੁੰਨ ?:ਜੋਰਾਵਰ ਬੰਦਾ ਕਮਜ਼ੋਰ ਨੂੰ ਮਨ-ਆਈ ਮਨਾ ਲੈਂਦਾ ਹੈ, ਰੱਬ ਦੇ ਵਾਸਤੇ ਪਾਉਣ ਤੇ ਤਰਲੇ ਮਿੰਨਤਾਂ ਕਰਨ ਨਾਲੋਂ ਡਾਢੇ ਦਾ ਡਰਾਵਾ ਵਧੇਰੇ ਸਫਲ ਹੁੰਦਾ ਹੈ।
- ਰੱਬ ਬਣਾਈ ਜੋੜੀ ਇਕ ਅੰਨ੍ਹਾ ਇਕ ਕੋਹੜੀ: ਜਦੋਂ ਦੋ ਨਿਕੰਮੇ ਬੰਦਿਆਂ ਦਾ ਆਪਸ 'ਚ ਮੇਲ ਹੋ ਜਾਵੇ ਤਾਂ ਵਰਤਦੇ ਹਨ।
- ਰੰਡਾ ਗਿਆ ਕਰਾਉਣ ਕੁੜਮਾਈ, ਆਪਣੀ ਕਰੇ ਕਿ ਪਰਾਈ ?: ਜਦ ਕਿਸੇ ਨੂੰ ਆਪ ਹੀ ਕਿਸੇ ਸ਼ੈਅ ਦੀ ਲੋੜ ਹੋਵੇ, ਅਤੇ ਉਹ ਸ਼ੈਅ ਉਹਦੇ ਹੱਥ ਲੱਗ ਜਾਵੇ, ਤਾਂ ਉਹ ਹੋਰਨਾਂ ਨੂੰ ਕਿਵੇਂ ਦੇ ਸਕਦਾ ਹੈ ? ਉਹ ਤਾਂ ਆਪਣੇ ਪਾਸ ਹੀ ਰੱਖੇਗਾ, ਉਹ ਸ਼ੈਅ।
- ਰੰਨਾਂ ਵਿਚ ਧੰਨਾ: ਬਹੁਤ ਸਾਰਿਆਂ ਔਰਤਾਂ ਵਿਚ ਇਕ ਮਰਦ ਹੋਵੇ ਤਾਂ ਵਰਤਦੇ ਹਨ।
- ਰਾਹ ਪਿਆ ਜਾਣੇ, ਜਾਂ ਵਾਹ ਪਿਆ ਜਾਣੇ: ਕੋਈ ਕੰਮ ਕਿੰਨਾ ਕੁ ਔਖਾ ਜਾਂ ਸੌਖਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹ ਕਰਨਾ ਪਵੇ, ਕੋਈ ਬੰਦਾ ਕਿੰਨਾ ਕੁ ਚੰਗਾ ਜਾਂ ਮੰਦਾ ਹੈ, ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹਦੇ ਨਾਲ ਵਾਹ ਪਵੇ ਜਾਂ ਫਿਰ ਉਹ ਸਫ਼ਰ ਵਿੱਚ ਨਾਲ ਹੋਵੇ।
- 'ਰਾਕੀ (ਇਰਾਕੀ) ਨੂੰ ਸੈਨਤ, ਗਧੇ ਨੂੰ ਸੋਟਾ: ਸਿਆਣਾ ਬੰਦਾ ਇਸ਼ਾਰਾ ਹੀ ਸਮਝ ਜਾਂਦਾ ਹੈ ਪਰ ਮੂਰਖ ਨੂੰ ਦੋ ਠੁਕਣ, ਤਾਂ ਹੀ ਸਮਝਦਾ ਹੈ।
- ਰਾਜ ਪਿਆਰਾ ਰਾਜਿਆਂ, ਵੀਰ ਦੁਪਿਆਰੇ: ਧਨ ਦੌਲਤ ਦੇ ਲਾਲਚ ਵਿਚ ਲੋਕ ਸਕੇ ਭਰਾਵਾਂ ਨੂੰ ਵੀ ਛੱਡ ਜਾਂਦੇ ਹਨ।
- ਰਾਜੇ ਦੇ ਘਰ ਮੋਤੀਆਂ ਦਾ ਕਾਲ ਹੈ ?: ਜਦ ਇਹ ਦੱਸਣਾ ਹੋਵੇ ਕਿ ਏਥੇ ਕਿਸੇ ਸ਼ੈਅ ਦੀ ਥੁੜ੍ਹ, ਪਰਵਾਹ ਨਹੀਂ, ਸਭ ਕੁਝ ਮਿਲ ਜਾਵੇਗਾ, ਤਾਂ ਕਹਿੰਦੇ ਹਨ।
- ਰਾਮ ਰਲਾਈ ਜੋੜੀ, ਇੱਕ ਅੰਨ੍ਹਾਂ ਇਕ ਕੋਹੜੀ: ਜਦ ਦੋ ਇਕੋ ਜਿਹੇ ਭੈੜੇ ਆਦਮੀਆਂ ਦਾ ਮੇਲ ਹੋ ਜਾਵੇ, ਜਾਂ ਜੋੜ ਬਣ ਜਾਵੇ, ਤਾਂ ਕਹਿੰਦੇ ਹਨ।
- ਰਾਮ ਰਾਮ ਜਪਣਾ, ਪਰਾਇਆ ਮਾਲ ਅਪਣਾ: ਬਗਲਾ ਭਗਤ ਬਣ ਕੇ ਹੋਰਨਾਂ ਨੂੰ ਠੱਗਣ ਵਾਲੇ ਬਾਬਤ ਕਹਿੰਦੇ ਹਨ।
- ਰੀਸੀਂ ਪੁੱਤ ਨਾ ਜੰਮਦੇ ਹੋਰ ਸੱਭੇ ਗੱਲਾਂ: ਜਿਹੜਾ ਕਿਸੇ ਦੀ ਰੀਸ ਕਰ ਕੇ ਕੁਝ ਕਰਨਾ ਚਾਹੇ, ਪਰ ਸਫਲ ਨਾ ਹੋ ਸਕੇ, ਉਸ ਬਾਰੇ ਕਹਿੰਦੇ ਹਨ।
- ਰੁਪਏ ਦੀ ਵਡਿਆਈ, ਆ ਬਹੁ ਭਾਈ: ਧਨ ਵਾਲੇ ਦਾ ਹਰ ਕੋਈ ਆਦਰ ਕਰਦਾ ਹੈ।
- ਰੁੜ੍ਹਦਾ ਖ਼ਰਬੂਜਾ, ਪਿੱਤਰਾਂ ਦੇ ਨਮਿੱਤ: ਖ਼ਰਾਬ ਹੋਈ ਚੀਜ਼ ਕਿਸੇ ਨੂੰ ਦੇ ਕੇ ਅਹਿਸਾਨ ਕਰਨਾ।
- ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ: ਹੀਲਾ, ਉੱਦਮ ਕੀਤੇ ਬਿਨਾਂ ਕੁਝ ਪਰਾਪਤ ਨਹੀਂ ਹੁੰਦਾ, ਆਖਣ ਵੇਖਣ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ।
- ਰੋਗ ਦਾ ਘਰ ਖਾਂਸੀ, ਲੜਾਈ ਦਾ ਘਰ ਹਾਂਸੀ: ਖੰਘ ਤੋਂ ਕਈ ਰੋਗ ਪੈਦਾ ਹੋ ਜਾਂਦੇ ਹਨ, ਤੇ ਹਾਸੇ ਮਖੌਲ ਤੋਂ ਲੜਾਈ।