Wq/pa/ਪੰਜਾਬੀ ਅਖਾਣ/ਮ
Appearance
- ਮਣਖੱਟੂ ਪੁੱਤ ਨਾ ਜੰਮਦੇ, ਧੀ ਅੰਨ੍ਹੀਂ ਚੰਗੀ: ਵਿਹਲੜ ਤੇ ਘਰ-ਉਜਾੜੂ ਪੁੱਤ ਤੋਂ ਅੱਕ ਸੜ ਕੇ ਉਹਨੂੰ ਸਮਝਾਉਣ ਲਈ ਇਹ ਅਖਾਣ ਵਰਤਦੇ ਹਨ।
- ਮਨ ਹਰਾਮੀ ਤੇ ਹੁੱਜਤਾਂ ਢੇਰ: ਜਦ ਕੋਈ ਵਿਅਕਤੀ ਕੋਈ ਕੰਮ ਕਰਨਾ ਨਾ ਚਾਹੇ, ਤਾਂ ਉਹ ਕਈ ਬਹਾਨੇ ਘੜ ਲੈਂਦਾ ਹੈ।
- ਮਰਦਾ ਕੀ ਨਾ ਕਰਦਾ?: ਮਜਬੂਰੀ ਵਿਚ ਫਸਿਆ ਆਦਮੀ ਅਣਭਾਉਂਦੇ ਤੇ ਅਣਸੋਭਦੇ ਕੰਮ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ।
- ਮਰਦਾਂ ਤੇ ਘੋੜਿਆਂ ਕੰਮ ਪੈਣ ਅਵੱਲੇ: ਜਦ ਕਿਸੇ ਨੂੰ ਕੋਈ ਔਖਾ ਕੰਮ ਅਚਨਚੇਤ ਆ ਪਵੇ, ਤਾਂ ਉਹਨੂੰ ਹੱਲਾਸ਼ੇਰੀ ਦੇਣ ਲਈ ਵਰਤਦੇ ਹਨ।
- ਮਰਦੀ ਮਰ ਗਈ ਪਰ ਨਖ਼ਰਾ ਨਹੀਂ ਛੱਡਿਆ: ਜਦੋਂ ਕੋਈ ਬੰਦਾ ਆਰਥਿਕਤਾ ਤੇ ਸਰੀਰ ਪੱਖੋਂ ਬਹੁਤ ਕਮਜ਼ੋਰ ਹੋ ਜਾਵੇ ਪ੍ਰੰਤੂ ਆਪਣੀ ਬਾਹਰੀ ਸ਼ਾਨੋ-ਸ਼ੋਕਤ/ਸ਼ਕਤੀ ਕਾਇਮ ਰੱਖੇ ਉਦੋਂ ਇਹ ਅਖਾਣ ਵਰਤਦੇ ਹਨ।
- ਮਰੇ ਨੂੰ ਕੀ ਮਾਰਨਾ: ਕਿਸੇ ਗ਼ਰੀਬ/ਕਮਜ਼ੋਰ ਮਨੁੱਖ ਨੂੰ ਕਸ਼ਟ ਨਾ ਦੇਣ ਜਾਂ ਤੰਗ ਨਾ ਕਰਨ ਦਾ ਸੰਕੇਤ ਹੈ।
- ਮੱਝ ਫਿਰੇ ਠੱਕੇ ਦੀ ਮਾਰੀ, ਮਾਹੀ ਕਰੇ ਚੁੰਘਣ ਦੀ ਤਿਆਰੀ: ਜਦ ਕੋਈ ਅਗਲੇ ਦੇ ਦੁਖ, ਪੀੜ ਦੀ ਪਰਵਾਹ ਨਾ ਕਰਦਾ ਹੋਇਆ ਉਹਨੂੰ ਆਪਣੀ ਗਰਜ਼ ਲਈ ਵਰਤਣਾ ਚਾਹੇ, ਤਾਂ ਕਹਿੰਦੇ ਹਨ।
- ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਸੁੱਟਣੀ ਪਈ: ਜਦ ਕੋਈ ਆਪਣੇ ਵਲੋਂ ਤਾਂ ਚੰਗਾ ਸੌਦਾ ਕਰੇ, ਪਰ ਉਹ ਨਿੱਕਲੇ ਘਾਟੇ-ਵੰਦਾ, ਤਾਂ ਕਹਿੰਦੇ ਹਨ।
- ਮੰਗੀ ਸੀ ਹੇਠ ਨੂੰ ਮਿਲ ਗਈ ਉੱਤੇ ਨੂੰ: ਜਦ ਜਤਨ ਤਾਂ ਕਰੀਏ ਕੋਈ ਵਰਤਣਯੋਗ ਸ਼ੈਅ ਲਈ, ਤੇ ਅੱਗੋਂ ਮਿਲ ਜਾਵੇ ਉਹ ਜਿਸ ਦਾ ਉਲਟਾ ਭਾਰ ਚੁੱਕਣਾ ਪਵੇ ਤੇ ਖੇਚਲ ਝੱਲਣੀ ਪਵੇ, ਤਾਂ ਕਹਿੰਦੇ ਹਨ।
- ਮੰਤਰ ਨਾ ਜਾਣੇ ਠੂੰਹਿਆਂ, ਹੱਥ ਸੱਪੀਂ ਪਾਵੇ: ਜਦ ਕੋਈ ਆਪਣੀ ਵਿਤੋਂ ਬਾਹਰੇ ਕਿਸੇ ਔਖੇ ਕੰਮ ਨੂੰ ਹੱਥ ਪਾਉਣ ਨੂੰ ਤਿਆਰ ਹੋ ਪਵੇ, ਤੇ ਫੜ੍ਹਾਂ ਮਾਰੇ ਤਾਂ ਕਹਿੰਦੇ ਹਨ।
- ਮਾਸ ਦੀ ਰਾਖੀ ਬਿੱਲਾ: ਜਦੋਂ ਉਸ ਮਨੁੱਖ ਨੂੰ ਕੋਈ ਚੀਜ਼ ਦਿੱਤੀ ਜਾਵੇ ਜਿਸ ਪਾਸੋਂ ਵਾਪਸ ਮੁੜਨ ਦੀ ਉਮੀਦ ਨਾ ਹੋਵੇ, ਤਾਂ ਵਰਤਦੇ ਹਨ।
- ਮਾਨ ਨਾ ਮਾਨ ਮੈਂ ਤੇਰਾ ਮਹਿਮਾਨ: ਬਦੋ-ਬਦੀ ਦਾ ਪਰਾਹੁਣਾ ਬਨਣ ਤੇ ਪਿਆਰ, ਅਪੱਣਤ ਜਤਾਉਣ ਵਾਲੇ ਸਬੰਧੀ ਵਰਤਦੇ ਹਨ।
- ਮਾਂ ਕੁਚੱਜੀ ਪੁੱਤਰਾਂ ਕੱਜੀ: ਜਦੋਂ ਕਿਸੇ ਨਲਾਇਕ ਜਾਂ ਬੇਚੱਜੀ ਮਾਂ ਦੇ ਪੁੱਤਰ ਸਿਆਣੇ ਨਿਕਲ ਜਾਂਦੇ ਹਨ ਤੇ ਮਾਂ ਦਾ ਸਾਰਾ ਧੋਣ ਧੋ ਦੇਂਦੇ ਹਨ ਤਾਂ ਵਰਤਦੇ ਹਨ।
- ਮਾਂ ਦੀ ਸੌਕਣ ਧੀ ਦੀ ਸਹੇਲੀ: ਜਦ ਕੋਈ ਘਰ ਦਾ ਬੰਦਾ ਕਿਸੇ ਘਰ ਦੇ ਵੈਰੀ ਨਾਲ ਸਾਂਝ ਰੱਖੇ ਤਾਂ ਵਰਤਿਆ ਜਾਂਦਾ ਹੈ।
- ਮਾਂ ਨਾਲੋਂ ਹੇਜਲੀ, ਉਹ ਫੱਫੇ ਕੁੱਟਣ: ਜੇ ਕੋਈ ਕਿਸੇ ਨਾਲ ਉਹਦੇ ਘਰਦਿਆਂ ਨਾਲੋਂ ਵੀ ਵਧੇਰੇ ਪਿਆਰ ਹਮਦਰਦੀ ਪ੍ਰਗਟ ਕਰੇ ਤਾਂ ਉਹ ਧੋਖੇਬਾਜ਼ ਹੁੰਦਾ ਹੈ। ਕਿਸੇ ਨੂੰ ਅਜਿਹਾ ਵਰਤਾਓ ਕਰਦਿਆਂ ਵੇਖ ਕੇ ਕਹਿੰਦੇ ਹਨ।
- ਮਾਂ ਨੂੰ ਆਪਣੇ ਭਾਂਡੇ ਦਾ ਪਤਾ ਹੁੰਦਾ ਹੈ: ਹਰ ਮਾਂ ਨੂੰ ਆਪਣੇ ਬੱਚਿਆਂ ਦੇ ਚੰਗੇ ਮੰਦੇ ਗੁਣਾਂ ਦਾ ਪਤਾ ਹੁੰਦਾ ਹੈ।
- ਮਾਂ ਨੂੰ ਛੁਪਾਓ ਤੇ ਧੀ ਨੂੰ ਕੱਢੋ: ਜਦੋਂ ਮਾਂ ਤੇ ਧੀ ਦੀ ਸ਼ਕਲ ਤੇ ਸੁਭਾਅ ਮਿਲਦੇ ਹੋਣ।
- ਮਾਂ-ਪਿਓ ਦੀਆਂ ਗਾਲ੍ਹਾਂ, ਦੁੱਧ ਘਿਓ ਦੀਆਂ ਨਾਲ਼ਾਂ: ਇਸ ਅਖ਼ਾਣ ਵਿਚ ਮਾਂ-ਪਿਓ ਦੀਆਂ ਝਿੜਕਾਂ ਨੂੰ ਖਿੜੇ ਮੱਥੇ ਸਹਿਣ ਲਈ ਬੱਚਿਆਂ ਨੂੰ ਉਪਦੇਸ਼ ਦਿੱਤਾ ਗਿਆ ਹੈ।
- ਮਾਂ-ਪੁਰ ਧੀ ਪਿਤਾ ਪੁਰ ਘੋੜਾ, ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ: ਧੀ ਦਾ ਸੁਭਾਅ ਮਾਂ ਦੇ ਸੁਭਾ ਉਪਰ ਤੇ ਪੁੱਤ ਦਾ ਸੁਭਾਅ ਪਿਓ ਦੇ ਸੁਭਾ ਵਰਗਾ ਹੁੰਦਾ ਹੈ।
- ਮਾਂ ਫਿਰੇ ਫੋਸੀ ਫੋਸੀ ਨੂੰ, ਤੇ ਪੁੱਤ ਗੁਹਾਰੇ ਬਖਸ਼ੇ: ਜਦ ਕੋਈ ਗ਼ਰੀਬ ਆਦਮੀ ਵਿੱਤੋਂ ਵੱਧ ਕੇ ਦਾਨ ਜਾਂ ਖਰਚ ਕਰਨ ਲੱਗ ਪਵੇ, ਤਾਂ ਕਹਿੰਦੇ ਹਨ।
- ਮਾਂ ਮੋਈ ਪਿਓ ਪਤਰਿਆ: ਮਾਂ ਦੇ ਮਰਨ ਤੋਂ ਬਾਅਦ ਜਦੋਂ ਪਿਓ ਦਾ ਬੱਚਿਆਂ ਪ੍ਰਤੀ ਵਤੀਰਾ ਬਦਲ ਜਾਏ ਤਾਂ ਵਰਤਦੇ ਹਨ।
- ਮਾੜਾ ਢੱਗਾ ਛੱਤੀ ਰੋਗ: ਜਦ ਕਿਸੇ ਮਾੜੇ, ਗ਼ਰੀਬ ਦੇ ਸਿਰ ਕੋਈ ਨਾ ਕੋਈ ਦੁੱਖ, ਮੁਸੀਬਤ ਆਈ ਰਹੇ, ਤਾਂ ਵਰਤਦੇ ਹਨ।
- ਮਾੜੇ ਦਿਨ ਹੋਣ ਤਾਂ ਊਠ ਤੇ ਬੈਠੇ ਨੂੰ ਵੀ ਕੁੱਤਾ ਵੱਢ ਖਾਂਦਾ ਹੈ: ਮਾੜੀ ਕਿਸਮਤ ਹੋਵੇ ਤਾ ਚੰਗੇ ਭਲੇ ਦਾ ਵੀ ਨੁਕਸਾਨ ਹੋ ਜਾਂਦਾ ਹੈ।
- ਮਿਲਦਿਆਂ ਦੇ ਸਾਕ ਤੇ ਵਾਹੁੰਦਿਆਂ ਦੀਆਂ ਭੋਆਂ: ਸਾਕਾਗੀਰੀ ਤਾਂ ਹੀ ਕਾਇਮ ਰਹਿ ਸਕਦੀ ਹੈ, ਜੇ ਸਾਕਾਂ ਨੂੰ ਮਿਲਦੇ-ਗਿਲਦੇ ਰਹੀਏ, ਅਤੇ ਜ਼ਮੀਨ ਤਾਂ ਹੀ ਕੰਮ ਦੀ ਤੇ ਆਪਣੀ ਰਹਿ ਸਕਦੀ ਹੈ, ਜੇ ਉਹਨੂੰ ਵਾਹੁੰਦੇ, ਬੀਜਦੇ ਰਹੀਏ।
- ਮੀਆਂ ਜੋੜੇ ਫੱਕਾ ਫੱਕਾ, ਬੀਬੀ ਮਾਰੇ ਇੱਕੋ ਧੱਕਾ: ਮਰਦ ਕਿਰਸ ਕਰਕੇ ਜੋੜਨ ਵਾਲਾ ਪਰ ਵਹੁਟੀ ਫਜ਼ੂਲ ਖ਼ਰਚ ਕਰਨ ਵਾਲੀ ਹੋਵੇ।
- ਮੀਆਂ ਬੀਵੀ ਰਾਜ਼ੀ, ਤਾਂ ਕੀ ਕਰੂਗਾ ਕਾਜ਼ੀ ?: ਜਦ ਦੋ ਧਿਰਾਂ ਆਪੋ ਵਿਚ ਘਿਓ-ਖਿਚੜੀ ਹੋਣ, ਤਾਂ ਤੀਜੇ ਸੁਲ੍ਹਾ-ਕਰਾਊ ਦੀ ਲੋੜ ਨਹੀਂ ਹੁੰਦੀ, ਤੇ ਨਾ ਹੀ ਕੋਈ ਤੀਜਾ ਵਿਚ ਲੱਤ ਡਾਹ ਸਕਦਾ ਹੈ।
- ਮੁਰਦਾ ਬੋਲੂ ਕੱਫਣ ਪਾੜੂ: ਜਦੋਂ ਕੋਈ ਬੰਦਾ ਕਿਸੇ ਨੂੰ ਚੁਭਵੀਂ ਗੱਲ ਆਖ ਕੇ ਅਗਲੇ ਦਾ ਸੀਨਾ ਸਾੜ ਦੇਵੇ, ਉਦੋਂ ਇਹ ਅਖ਼ਾਣ ਵਰਤਦੇ ਹਨ।
- ਮੁੱਦਈ ਸੁਸਤ, ਗਵਾਹ ਚੁਸਤ: ਜਿਸ ਦਾ ਕੰਮ ਹੋਵੇ, ਜਿਸ ਨੂੰ ਗੌਂ ਹੋਵੇ, ਉਹ ਤਾਂ ਢਿੱਲਾ-ਮੱਠਾ ਹੋਵੇ, ਤੇ ਉਹਦੀ ਸਹਾਇਤਾ ਕਰਨ ਵਾਲੇ ਨੱਸਦੇ, ਭੱਜਦੇ ਫਿਰਨ, ਤਾਂ ਕਹਿੰਦੇ ਹਨ।
- ਮੂੰਹ ਚੂਹੀ ਢਿੱਡ ਖੂਹੀ: ਜਦੋਂ ਕੋਈ ਸਰੀਰਕ ਪੱਖੋਂ ਕਮਜ਼ੋਰ ਦਿਸਣ ਵਾਲਾ ਬੰਦਾ ਬਹੁਤੀ ਰੋਟੀ ਖਾਵੇ ਤਾਂ ਵਰਤਿਆ ਜਾਂਦਾ ਹੈ।
- ਮੂੰਹੋਂ ਨਿਕਲੀ ਤੁਰਤ ਪਰਾਈ: ਭੇਤ ਜਾਂ ਲੁਕਵੀਂ ਗੱਲ, ਉਨਾਂ ਚਿਰ ਹੀ ਲੁਕੀ ਰਹਿ ਸਕਦੀ ਹੈ, ਜਿਨ੍ਹਾਂ ਚਿਰ ਉਹ ਕਿਸੇ ਨੂੰ ਦੱਸੀ ਨਾ ਜਾਵੇ।
- ਮੂੰਹੋਂ ਮੰਗਿਆਂ ਤਾਂ ਮੌਤ ਵੀ ਨਹੀਂ ਮਿਲਦੀ: ਇਨਸਾਨ ਦੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰਨ ਰੂਪ 'ਚ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ।
- ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ: ਧੀਆਂ ਪੁੱਤਾਂ ਨਾਲੋਂ ਦੋਹਤੇ-ਪੋਤੇ ਵਧੇਰੇ ਪਿਆਰੇ ਲਗਦੇ ਹਨ।
- ਮੈਂ ਵੀ ਰਾਣੀ, ਤੂੰ ਵੀ ਰਾਣੀ, ਤੇ ਕੌਣ ਭਰੇ ਪਾਣੀ ?: ਜਦ ਸੱਭੇ ਆਕੜ ਖਾਂ ਹੋਣ, ਤੇ ਸਾਰਿਆਂ ਲਈ ਜ਼ਰੂਰੀ ਕੰਮ ਕਰਨ ਨੂੰ ਕੋਈ ਵੀ ਤਿਆਰ ਨਾ ਹੋਵੇ, ਤਾਂ ਕਹਿੰਦੇ ਹਨ।
- ਮੋਏ ਬਾਬੇ ਦੀਆਂ ਵੱਡੀਆਂ ਅੱਖਾਂ: ਜਦ ਕੋਈ ਕਿਸੇ ਦੀ ਸਲਾਹੁਤ ਉਹਦੇ ਮਰਨ ਪਿੱਛੋਂ ਕਰੇ, ਜੀਉਂਦੇ ਨੂੰ ਭਾਵੇਂ ਭੰਡਦਾ ਹੀ ਰਿਹਾ ਹੋਵੇ, ਤਾਂ ਕਹਿੰਦੇ ਹਨ।