Jump to content

Wq/pa/ਪੰਜਾਬੀ ਅਖਾਣ/ਭ

From Wikimedia Incubator
  1. ਭੱਜਦਿਆਂ ਨੂੰ ਵਾਹਣ ਇਕੋ ਜਿਹਾ: ਜਦ ਕੋਈ ਕੰਮ ਮੁਕਾਬਲੇ ਤੇ ਕਰਨਾ ਹੋਵੇ, ਤੇ ਸਾਰਿਆਂ ਵਾਂਗਰ ਹੀ ਕਰਨਾ ਹੋਵੇ ਤਾਂ ਕਹਿੰਦੇ ਹਨ।
  2. ਭਰਾ ਭਰਾਵਾਂ ਦੇ, ਚਿੱਚੜ ਕਾਵਾਂ ਦੇ: ਅਖੀਰ ਨੂੰ ਭਰਾ ਭਰਾਵਾਂ ਦੀ ਜ਼ਰੂਰ ਹੀ ਸਹਾਇਤਾ ਕਰਦੇ ਹਨ।
  3. ਭਰਾਵਾਂ ਨਾਲ ਬਾਹਵਾਂ: ਇਸ ਅਖਾਣ ਵਿਚ ਭਰਾਵਾਂ ਦੇ ਏਕੇ ਦਾ ਮਹੱਤਵ ਦੱਸਿਆ ਗਿਆ ਹੈ।
  4. ਭਰਿਆ ਭਾਂਡਾ ਕਦੇ ਨਹੀਂ ਛਲਕਦਾ: ਭਰਿਆ ਸਰਿਆ ਜਾਂ ਗੁਣਵਾਨ ਵਿਅਕਤੀ ਹਮੇਸ਼ਾਂ ਸਥਿਰ ਰਹਿੰਦਾ ਹੈ ਜਾਂ ਦਿਖਾਵਾ ਨਹੀਂ ਕਰਦਾ।
  5. ਭਰਾ ਭਰਾਵਾਂ ਦੇ ਥੁੱਕ ਦਾਹੜੀ ਪੰਚਾਂ ਦੀ: ਭਰਾ ਤਾਂ ਭਰਾ ਹੀ ਹਨ, ਲੜ ਝਗੜ ਕੇ ਉਹ ਇਕ ਹੋ ਜਾਂਦੇ ਹਨ, ਪਰ ਫੁੱਟ ਪਾਉਣ ਵਾਲੇ ਸ਼ਰਮਿੰਦਾ ਹੁੰਦੇ ਹਨ।
  6. ਭਰੇ ਘਰਾਂ ਦਾ ਕੁੱਤਾ ਭੁੱਖਾ: ਜਦੋਂ ਕੋਈ ਅਮੀਰ ਘਰ ਦਾ ਵਿਅਕਤੀ ਕੋਈ ਘਟੀਆ ਕੰਮ ਕਰੇ ਤਾਂ ਵਰਤਦੇ ਹਨ।
  7. ਭਲਾ ਹੋਇਆ ਮੇਰਾ ਚਰਖਾ ਟੁੱਟਿਆ ਜਿੰਦ ਅਜ਼ਾਬੋ ਛੁੱਟੀ: ਜਦੋਂ ਕਿਸੇ ਦਾ ਨੁਕਸਾਨ ਹੋ ਜਾਵੇ ਪਰ ਉਹ ਫਿਰ ਵੀ ਖ਼ੁਸ਼ੀ ਮਨਾਵੇ।
  8. ਭੱਜੀਆਂ ਬਾਹਾਂ ਗਲ਼ ਨੂੰ ਆਉਂਦੀਆਂ ਹਨ: ਜਦ ਕਿਸੇ ਨੂੰ ਦੁਖ ਆ ਪਵੇ, ਤਾਂ ਉਹ ਆਪਣੇ ਭਰਾਵਾਂ ਜਾਂ ਸੱਜਣਾਂ-ਮਿੱਤਰਾਂ ਵੱਲ ਹੀ ਆਸਰੇ ਜਾਂ ਸਹਾਇਤਾ ਲਈ ਦੌੜਦਾ ਹੈ,ਪਹਿਲਾਂ ਭਾਵੇਂ ਉਹ ਉਨ੍ਹਾਂ ਨਾਲ ਰੁੱਸਿਆ ਹੀ ਰਿਹਾ ਹੋਵੇ।
  9. ਭੱਠ ਪਿਆ ਸੋਨਾ ਜਿਹੜਾ ਕੰਨ ਪਾੜੇ: ਉਹ ਧਨ, ਪਦਾਰਥ ਕਿਸ ਕੰਮ ਜਿਸ ਤੋਂ ਸੁਖ ਦੀ ਥਾਂ ਦੁਖ ਮਿਲੇ।
  10. ਭੱਠ ਪਿਆ ਦਿੱਤਾ ਜਿਹੜਾ ਸਾੜੇ ਪਿੱਤਾ: ਜਦ ਕੋਈ ਪਹਿਲਾਂ ਤਾਂ ਕੋਈ ਸ਼ੈਅ ਕਿਸੇ ਨੂੰ ਦੇ ਦੇਵੇ, ਪਰ ਮਗਰੋਂ ਮਿਹਣੇ ਮਾਰਨ ਲਗ ਪਵੇ, ਤਾਂ ਕਹਿੰਦੇ ਹਨ।
  11. ਭੰਡਾ ਭੰਡਾਰੀਆ ਕਿਤਨਾ ਕੁ ਭਾਰ ?: ਇਕ ਮੁੱਠੀ ਚੁੱਕ ਲੈ ਦੂਜੀ ਤਿਆਰ: ਦੁਨੀਆ ਦੇ ਧੰਦੇ ਮੁਕਦੇ ਹੀ ਨਹੀਂ, ਇਕ ਨਿਬੜਦਾ ਹੈ, ਤਾਂ ਦੋ ਹੋਰ ਆ ਪੈਂਦੇ ਹਨ।
  12. ਭਾਰਾ ਬੂਟਾ ਹਮੇਸ਼ਾਂ ਨੀਵਾਂ ਹੁੰਦਾ ਹੈ: ਗੁਣਵਾਨ ਬੰਦਾ ਸਦਾ ਨਿਵਿਆਂ ਰਹਿੰਦਾ ਹੈ, ਕਦੀ ਹੰਕਾਰ ਨਹੀਂ ਕਰਦਾ।
  13. ਭੁੱਖ ਲੱਗੇ ਤਾਂ ਤੰਦੂਰ ਦੀ, ਢਿੱਡ ਭਰੇ ਤਾਂ ਦੂਰ ਕੀ: ਭੁੱਖੇ ਆਦਮੀ ਨੂੰ ਜਦ ਤੀਕ ਰੋਟੀ ਨਾ ਮਿਲੇ, ਉਹ ਕਿਸੇ ਕੰਮ ਨੂੰ ਜਾਣਾ ਨਹੀਂ ਚਾਹੁੰਦਾ।
  14. ਭੁੱਖਾਂ ਭੜਥੂ ਘੱਤਿਆ ਲੱਗਾ ਕਲੇਜੇ ਡੌਂ, ਭੁੱਖਿਆਂ ਨੀਂਦ ਨਾ ਜੇ ਕੋਈ ਆਖੇ ਸੌਂ: ਭੁੱਖਾ ਤਾਂ ਸੌਂ ਵੀ ਨਹੀਂ ਸਕਦਾ, ਉਹਨੇ ਹੋਰ ਕੀ ਕਰਨਾ ਹੋਇਆ?
  15. ਭੁੱਖੇ ਅੱਗੇ ਬਾਤ ਪਾਈ, ਉਹ ਆਖੇ ਟੁੱਕ: ਜਦ ਕੋਈ ਕਿਸੇ ਸ਼ੈਅ ਲਈ ਅਜਿਹਾ ਬੇਤਾਵਲਾ ਹੋਵੇ ਕਿ ਉਹਦੇ ਨਾਲ ਭਾਵੇਂ ਕੋਈ ਗੱਲ ਕਰੀਏ, ਉਹ ਮੁੜ ਘਿੜ ਉਸੇ ਸ਼ੈਅ ਦਾ ਰੋਣਾ ਰੋ ਬਹੇ, ਤਾਂ ਕਹਿੰਦੇ ਹਨ।
  16. ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫਰਿਆ: ਜਦ ਕਿਸੇ ਗਰੀਬ, ਥੁੜ੍ਹੇ ਹੋਏ ਬੰਦੇ ਨੂੰ ਕੋਈ ਛੋਟੀ ਮੋਟੀ ਚੀਜ਼ ਮਿਲ ਜਾਵੇ, ਤੇ ਉਹ ਘੜੀ ਮੁੜੀ ਉਹਨੂੰ ਵਰਤੇ ਤੇ ਵਿਖਾਵੇ ਤਾਂ ਕਹਿੰਦੇ ਹਨ।
  17. ਭੁੱਖੇ ਦੀ ਧੀ ਰੱਜੀ, ਤੇ ਖੇਹ ਉਡਾਉਣ ਲੱਗੀ: ਜਦ ਕੋਈ ਗਰੀਬ ਬੰਦਾ ਧਨ ਵਾਲਾ ਬਣ ਜਾਵੇ ਅਤੇ ਉਹ ਘੁਮੰਡ ਵਿਚ ਆ ਕੇ ਫੁਕਾਰੇ ਮਾਰਦਾ ਫਿਰੇ, ਤਾਂ ਕਹਿੰਦੇ ਹਨ ।
  18. ਭੁੱਲ ਗਏ ਰਾਗ ਰੰਗ, ਭੁੱਲ ਗਈਆਂ ਜੱਕੜੀਆਂ, ਤਿੰਨੇ ਗੱਲਾਂ ਯਾਦ ਰਹੀਆਂ, ਲੂਣ, ਤੇਲ, ਲੱਕੜੀਆਂ: ਜਦ ਤਕ ਕਿਸੇ ਦੇ ਸਿਰ ਟੱਬਰ ਦੀ ਜੁੰਮੇਵਾਰੀ ਦਾ ਭਾਰ ਨਾ ਪਵੇ, ਉਹ ਮੌਜਾਂ ਬਹਾਰਾਂ ਕਰ ਸਕਦਾ ਹੈ, ਪਰ ਜਦੋਂ ਟੱਬਰ ਗਲ ਪੈ ਜਾਵੇ ਤਾਂ ਉਹਨੂੰ ਘਰ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਹੀ ਰੁੱਝੇ ਰਹਿਣਾ ਪੈਂਦਾ ਹੈ।
  19. ਭੁੱਲਾ ਨਾ ਉਹ ਜਾਣੀਏਂ, ਜੇ ਮੁੜ ਘਰ ਆਵੇ: ਜਿਹੜਾ ਆਦਮੀ ਕੋਈ ਭੁੱਲ ਕਰ ਤਾਂ ਬਹੇ, ਪਰ ਮਗਰੋਂ ਉਹਨੂੰ ਸੋਧ ਲਵੇ, ਉਸ ਸਬੰਧੀ ਵਰਤਦੇ ਹਨ।
  20. ਭੇਡ ਦੇ ਖੂਨ ਪਿੰਡ ਨਹੀਂ ਮਾਰੀਦਾ: ਜਦ ਕੋਈ ਜਣਾ ਨਿੱਕੀ ਜਿਹੀ ਗੱਲੋਂ ਗੁੱਸੇ ਹੋ ਕੇ ਅਗਲੇ ਦਾ ਬਹੁਤ ਵਧੇਰੇ ਨੁਕਸਾਨ ਕਰਨ ਤੇ ਤੁਲ ਪਵੇ, ਤਾਂ ਕਹਿੰਦੇ ਹਨ।
  21. ਭੈੜੇ ਭੈੜੇ ਯਾਰ ਮੇਰੀ ਫੱਤੋ ਦੇ: ਜਦੋਂ ਕਿਸੇ ਬੰਦੇ ਦੇ ਯਾਰ ਬੇਲੀ ਮਾੜੇ ਚਾਲ ਚਲਣ ਵਾਲੇ ਹੋਣ ਤਾਂ ਵਰਤਦੇ ਹਨ।
  22. ਭੈੜੀ ਗਾਂ ਦੇ ਭੈੜੇ ਵੱਛੇ: ਭੈੜੇ ਮਾਪਿਆਂ ਦੇ ਧੀਆਂ ਪੁੱਤਰ ਵੀ ਭੈੜੇ ਹੀ ਹੁੰਦੇ ਹਨ ।