Jump to content

Wq/pa/ਪੰਜਾਬੀ ਅਖਾਣ/ਖ

From Wikimedia Incubator
  1. ਖਸਮ ਹੋਵੇ ਵੱਲ ਤਾਂ ਵਿਹੜਾ ਲਵਾਂ ਠੱਲ੍ਹ : ਇਸਦਾ ਭਾਵ ਹੈ ਕਿ ਜਿਹੜੀ ਔਰਤ ਦਾ ਪਤੀ ਉਹਦੀ ਹਾਂ ਵਿੱਚ ਹਾਂ ਮਿਲਾਉਂਦਾ ਹੋਵੇ, ਉਹ ਸਾਰੇ ਟੱਬਰ ਤੇ ਭਾਰੂ ਰਹਿੰਦੀ ਹੈ।
  2. ਖਸਮ ਕਰ ਵਿਗੁੱਤੀ;ਨਾ ਸਿਰ ਪਰਾਂਦਾ, ਨਾ ਪੈਰ ਜੁੱਤੀ : ਜਰੂਰਤਾਂ ਪੂਰੀਆਂ ਕਰਨ ਵਾਸਤੇ ਕਿਸੇ ਦਾ ਆਸਰਾ ਤੱਕਿਆ ਪਰ ਹੋਇਆ ਕੁਝ ਵੀ ਨਾ, ਹਾਲ ਓਹੋ ਦਾ ਓਹੋ ਰਿਹਾ।
  3. ਖਸਮ ਕੀਤਾ ਚੁਗੱਤਾ, ਓਹੀਓ ਚੱਕੀ ਤੇ ਓਹੀਓ ਹੱਥਾ : ਇਸ ਦਾ ਭਾਵ ਹੈ ਕਿ ਵਿਆਹ ਕਰਾਇਆ ਸੀ ਬਈ ਗਰੀਬੀ ਤੋਂ ਜਾਨ ਛੁੱਟ ਜਾਊ ਪਰ ਹਾਲ ਫਿਰ ਵੀ ਓਹੀ ਰਿਹਾ। ਜਿਹੜੇ ਕੰਮ ਪਹਿਲਾਂ ਕਰਦੀ ਸੀ, ਓਹੀ ਫਿਰ ਕਰਨੇ ਪਏ।
  4. ਖਸਮ ਕੀਤਾ ਭੜਭੂੰਜਾ, ਓਹੀਓ ਭੱਠੀ ਤੇ ਓਹੀਓ ਹੂੰਝਾ : ਇਸਦਾ ਭਾਵ ਹੈ ਕਿ ਜਿਹੋ ਜਿਹੇ ਪਿੱਛੇ ਪੇਕੇ ਨੰਗ ਸਨ ਓਹੋ ਜਿਹੇ ਸਹੁਰੇ ਟੱਕਰ ਗਏ। ਓਥੇ ਵੀ ਭੱਠੀ ਤੇ ਲੋਕਾਂ ਦੇ ਦਾਣੇ ਭੁੰਨ ਕੇ ਗੁਜ਼ਾਰਾ ਕਰਦੀ ਸੀ, ਅਗਾਂਹ ਵੀ ਓਹੋ ਹੀ ਕਰਨਾ ਪਿਆ।
  5. ਖਸਮ ਖਾਈਏ ਆਪਣਾ ਪਰ ਚੋਰੀਂ ਖਾਈਏ, ਖਸਮ ਕੋਲੋਂ ਜਰਿਆ ਨਹੀਂ ਜਾਂਦਾ : ਮਾਂ ਧੀ ਨੂੰ ਮੱਤ ਦਿੰਦੀ ਹੈ ਕਿ ਕਮਾਈ ਆਪਣੇ ਆਦਮੀ ਦੀ ਖਾਵੀਂ ਪਰ ਉਹਦੇ ਸਾਹਮਣੇ ਕੋਈ ਖਰਚਾ ਨਾ ਕਰੀਂ। ਉਹਦੇ ਕੋਲੋਂ ਜ਼ਰ ਨਹੀਂ ਹੋਣਾ ਕਿ ਉਹਦੀ ਕਮਾਈ ਨੂੰ ਕੋਈ ਅਜਾਈਂ ਗਵਾਵੇ।
  6. ਖਸਮ ਖੇਤ ਨਾ ਜਾਵੇ ਤਾਂ ਖੇਤੀ ਖਸਮ ਨੂੰ ਖਾਵੇ : ਜਿਹੜਾ ਕਿਸਾਨ ਆਪਣੇ ਖੇਤੀ ਵੱਲ ਆਪ ਧਿਆਨ ਨਹੀਂ ਦਿੰਦਾ, ਕਾਮਿਆਂ ਦੇ ਆਸਰੇ ਛੱਡ ਦਿੰਦਾ ਹੈ, ਉਹਦੀ ਖੇਤੀ ਸਦਾ ਘਾਟੇ ਵਿੱਚ ਜਾਂਦੀ ਹੈ।