Jump to content

Wq/pa/ਪੰਜਾਬੀ ਅਖਾਣ/ਕ

From Wikimedia Incubator
  1. ਕਸ਼ਮੀਰ, ਜੰਨਤ ਦੀ ਨਜ਼ੀਰ : ਇਸ ਦਾ ਅਰਥ ਹੈ ਕਿ ਕਿਸੇ ਨੇ ਸਵਰਗ ਵੇਖਣਾ ਹੋਵੇ ਤਾਂ ਕਸ਼ਮੀਰ ਵੇਖ ਲਵੇ, ਕਸ਼ਮੀਰ ਦੀ ਧਰਤੀ ਸਵਰਗ ਜਿੰਨੀ ਹੀ ਖੂਬਸੂਰਤ ਹੈ।
  2. ਕਸਾਈਆਂ ਦੇ ਪੱਠੇ ਤਾਂ ਕੱਟੇ ਵੀ ਨਹੀਂ ਖਾਂਦੇ : ਜ਼ਾਲਮ ਦੀ ਦਿੱਤੀ ਰਿਆਇਤ ਲੈਣ ਦਾ ਛੇਤੀ ਕੀਤੇ ਕੋਈ ਹੌਸਲਾ ਨਹੀਂ ਕਰਦਾ। ਹਰ ਕੋਈ ਜਾਣਦਾ ਹੁੰਦਾ ਹੈ ਕਿ ਇਸ ਰਿਆਇਤ ਦੇ ਬਦਲੇ ਉਸਨੂੰ ਕੋਈ ਵੱਡੀ ਕੀਮਤ ਤਾਰਨੀ ਪੈ ਸਕਦੀ ਹੈ।
  3. ਕਸਾਈ ਕੀ ਤੇ ਸਫ਼ਾਈ ਕੀ : ਕਸਾਈ ਦੀ ਦੁਕਾਨ ਤੇ ਸਫ਼ਾਈ ਨਹੀਂ ਰਹਿ ਸਕਦੀ। ਹਰ ਪਾਸੇ ਮਾਸ ਦੀਆਂ ਬੋਟੀਆਂ, ਉੱਤੇ ਭਿਣਕਦੀਆਂ ਮੱਖੀਆਂ ਦੀ ਭਰਮਾਰ ਰਹਿੰਦੀ ਹੈ।
  4. ਕਸਾਈ ਵਿਹੜੇ ਬੱਕਰੀ, ਅੱਜ ਵੀ ਮੋਈ ਕੱਲ੍ਹ ਵੀ ਮੋਈ : ਮੌਤ ਦੇ ਮੂੰਹ ਆਇਆ ਬੰਦਾ ਮੁਸ਼ਕਿਲ ਹੀ ਬਚਦਾ ਹੈ।
  5. ਕਸੂਰ ਬੇ ਦਸਤੂਰ, ਨਿੱਕੇ ਕਰਿੰਡੇ ਤੇ ਵੱਡੇ ਸੂਰ : ਕਸੂਰ ਸ਼ਹਿਰ ਦੇ ਲੋਕਾਂ ਬਾਰੇ ਕਿਹਾ ਗਿਆ ਹੈ ਕਿ ਇੱਥੋਂ ਦੇ ਵਸਨੀਕ ਬੜੇ ਲੜਾਕੂ ਸੁਭਾ ਦੇ ਹੁੰਦੇ ਹਨ।
  6. ਕਹਾਂ ਧੀ ਨੂੰ, ਸੁਣਾਵਾਂ ਨੂੰਹ ਨੂੰ : ਪ੍ਰਤੱਖ ਤੌਰ ਤੇ ਗੱਲ ਕਹਿਣੀ ਕਿਸੇ ਹੋਰ ਨੂੰ ਪਰ ਉਹਦੇ ਜ਼ਰੀਏ ਸੁਣਾਉਣੀ ਕਿਸੇ ਦੂਸਰੇ ਨੂੰ।
  7. ਕਹਿਣ ਕਮਲੇ, ਸੁਨਣ ਬੌਰੇ : ਮੂਰਖਾਂ ਦੀਆਂ ਗੱਲਾਂ ਮੂਰਖ ਹੀ ਸੁਣਦੇ ਹਨ। (ਬੌਰੇ = ਬਾਵਰੇ, ਮੂਰਖ)
  8. ਕਹਿਣ ਗੁੰਗੇ, ਸੁਣਨ ਬੋਲੇ : ਜਿਹੋ ਜਿਹੇ ਕਹਿਣ ਵਾਲੇ, ਓਹੋ ਜਿਹੇ ਹੀ ਅੱਗਿਓਂ ਸੁਣਨ ਵਾਲੇ।
  9. ਕਹਿਣਾ ਸੌਖਾ, ਕਰਨਾ ਔਖਾ : ਕਿਸੇ ਨੂੰ ਸਲਾਹ ਦੇਣੀ ਸੌਖੀ ਹੈ ਪਰ ਖ਼ੁਦ ਉਸ ਤੇ ਅਮਲ ਕਰਨਾ ਬੜਾ ਮੁਸ਼ਕਲ ਹੁੰਦਾ ਹੈ।
  10. ਕਹਿਣਾ ਕੁਝ ਤੇ ਕਰਨਾ ਕੁਝ : ਜਦੋਂ ਕਿਸੇ ਮਨੁੱਖ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫ਼ਰਕ ਹੋਵੇ ਤਾਂ ਇਹ ਅਖਾਣ ਢੁੱਕਦਾ ਹੈ।
  11. ਕਹਿਣਾ ਜੀ, ਤੇ ਲੈਣਾ ਕੀ : ਜ਼ੋਰਾਵਰ ਤੋਂ ਭਾਵੇਂ ਕੋਈ ਵੀ ਲਾਭ ਨਾ ਲੈਣਾ ਹੋਵੇ, ਫਿਰ ਵੀ ਉਸਨੂੰ ਸਤਿਕਾਰ ਨਾਲ ਬੁਲਾਉਣਾ ਪੈਂਦਾ ਹੈ।
  12. ਕਹਿਣਾ ਮੋੜਨਾ ਨਹੀਂ, ਡੱਕਾ ਤੋੜਨਾ ਨਹੀਂ : ਕਿਸੇ ਦੇ ਆਖੇ ਹੋਏ ਕੰਮ ਨੂੰ ਨਾਂਹ ਵੀ ਨਹੀਂ ਕਰਨੀ ਅਤੇ ਕੰਮ ਕਰਨਾ ਵੀ ਨਹੀਂ।
  13. ਕਹਿਣੇ ਕੀ ਸੋਭਾ ਨਹੀਂ, ਡਿੱਠਾ ਹੀ ਪ੍ਰਵਾਨ : ਕਿਸੇ ਬਾਰੇ ਲੋਕਾਂ ਕੋਲੋਂ ਸੁਣ ਕੇ ਹੀ ਕੋਈ ਰਾਇ ਕਾਇਮ ਕਰ ਲੈਣੀ ਗਲਤ ਹੁੰਦੀ ਹੈ। ਕਿਸੇ ਨੂੰ ਵੇਖ ਪਰਖ ਕੇ ਹੀ ਉਹਦੇ ਬਾਰੇ ਕੋਈ ਰਾਏ ਬਣਾਉਣੀ ਚਾਹੀਦੀ ਹੈ।
  14. ਕਹੀਂ ਕੀ ਈਂਟ ਕਹੀਂ ਕਾ ਰੋੜਾ, ਭਾਨਮਤੀ ਨੇ ਕੁਨਬਾ ਜੋੜਾ : ਜਦੋਂ ਥਾਂ ਥਾਂ ਦੇ ਲੋਕ ਇਕੱਠੇ ਕਰਕੇ ਝੂਠ ਮੂਠ ਦੇ ਰਿਸ਼ਤੇਦਾਰ ਬਣਾਏ ਹੋਣ ਤਾਂ ਕਹਿੰਦੇ ਹਨ।
  15. ਕਹੀ, ਕੁਹਾੜੀ, ਤੰਗਲ਼ੀ;ਸੰਭਲ ਸੰਭਲ ਵਾਹ : ਖੇਤੀ ਦੇ ਤਿੱਖੇ ਸੰਦਾਂ ਜਿਵੇਂ ਕਹੀ, ਕੁਹਾੜੀ ਅਤੇ ਤੰਗਲੀ ਆਦਿ ਨੂੰ ਸੰਭਲ ਕੇ ਵਰਤਣਾ ਹੀ ਚੰਗਾ ਹੈ, ਨਹੀਂ ਤਾਂ ਇਹ ਫੱਟ ਵੀ ਲਾ ਜਾਂਦੀਆਂ ਹਨ।
  16. ਕਹੀ ਕੁਹਾੜੀ ਤੰਗਲ਼ੀ, ਦੂਜੇ ਹੱਥ ਸੁਹਾਵੇ : ਔਖਾ ਕੰਮ ਕਰਦੇ ਦੂਸਰੇ ਹੀ ਚੰਗੇ ਲੱਗਦੇ ਹਨ, ਖ਼ੁਦ ਨੂੰ ਉਹ ਕੰਮ ਬੜਾ ਔਖਾ ਪ੍ਰਤੀਤ ਹੁੰਦਾ ਹੈ।