Wq/pa/ਪੰਜਾਬੀ ਅਖਾਣ/ਅ
Appearance
- ਅਸਮਾਨ ਜਿੱਡੇ ਖਿਲਾਰੇ ਨੂੰ ਰੱਬ ਜਿੱਡੀ ਬਾਂਹ ਚਾਹੀਦੀ ਹੈ : ਇਸ ਦਾ ਅਰਥ ਹੈ ਕਿ ਜਿੰਨਾ ਵੱਡਾ ਕਾਰੋਬਾਰ ਹੋਵੇਗਾ, ਓਨੇ ਬਹੁਤੇ ਧਨ ਅਤੇ ਹੋਰ ਸਾਧਨਾਂ ਦੀ ਲੋੜ ਪਵੇਗੀ।
- ਅਸਮਾਨੋ ਡਿੱਗਾ, ਖਜੂਰ ਤੇ ਅਟਕਿਆ : ਜਦੋਂ ਕੋਈ ਵਿਅਕਤੀ ਇੱਕ ਮੁਸੀਬਤ ਵਿੱਚੋਂ ਨਿਕਲ ਕੇ ਦੂਜੀ ਵਿੱਚ ਫਸ ਜਾਵੇ ਤਾਂ ਆਖਦੇ ਹਨ।
- ਅਸ਼ਰਫੀਆਂ ਦੀ ਲੁੱਟ, ਕੋਲਿਆਂ ਤੇ ਮੋਹਰ : ਕੀਮਤੀ ਵਸਤੂ ਦੀ ਤਾਂ ਕਦਰ ਨਾ ਪਾਉਣੀ ਪਰ ਨਿਗੂਣੀ ਜਿਹੀ ਚੀਜ਼ ਨੂੰ ਕੀਮਤੀ ਨਾਲੋਂ ਵੀ ਵੱਧ ਸੰਭਾਲ ਕੇ ਰੱਖਣਾ।
- ਅਸਲ ਅਸਲ ਹੈ, ਨਕਲ ਨਕਲ : ਕਿਸੇ ਚੀਜ਼ ਦੀ ਤਿਆਰ ਕੀਤੀ ਨਕਲ ਵਿੱਚ ਅਸਲ ਚੀਜ਼ ਵਰਗੀਆਂ ਖੂਬੀਆਂ ਨਹੀਂ ਹੁੰਦੀਆਂ।
- ਅਸਲ ਤੋਂ ਖ਼ਤਾ ਨਹੀਂ, ਨਕਲ ਤੋਂ ਨਫ਼ਾ ਨਹੀਂ : ਅਸਲ ਮਿੱਤਰ ਭਾਵ ਦਿਲ ਦਾ ਸੱਚਾ ਦੋਸਤ ਕਦੇ ਦੋਸਤ ਨੂੰ ਹਾਨੀ ਨਹੀਂ ਪਹੁੰਚਾਉਂਦਾ ਪਰ ਨਕਲੀ ਭਾਵ ਮਤਲਬੀ, ਝੂਠੇ ਫ਼ਰੇਬੀ ਮਿੱਤਰ ਕੋਲੋਂ ਕਦੇ ਭਲਾਈ ਦੀ ਆਸ ਨਹੀਂ ਰੱਖੀ ਜਾ ਸਕਦੀ।
- ਅਸਲਭਾਗਮ, ਪਰ ਉਪਕਾਰ : ਭਾਵ ਲੋਕਾਈ ਦਾ ਭਲਾ ਕਰਨਾ ਹੀ ਅਸਲ ਧਰਮ ਹੈ।
- ਅਸੀਂ ਕਿਹੜਾ ਰੱਬ ਦੇ ਮਾਂਹ ਮਾਰੇ ਹੋਏ ਆ : ਇਸ ਦਾ ਭਾਵ ਹੈ ਕਿ ਅਸੀਂ ਰੱਬ ਦਾ ਕੋਈ ਨੁਕਸਾਨ ਨਹੀਂ ਕੀਤਾ ਜੁ ਉਹ ਸਾਡਾ ਬੁਰਾ ਕਰੇਗਾ।
- ਅਸੀਂ ਕੀਹਦੀ ਮਾਂ ਨੂੰ ਮਾਸੀ ਕਹਿਣਾ ਫਿਰ? : ਆਪਣੀ ਬਹੁਤ ਲੋੜੀਂਦੀ ਵਸਤੂ ਕਿਸੇ ਨੂੰ ਉਧਾਰੀ ਦੇਣ ਤੋਂ ਕੋਰਾ ਇਨਕਾਰ ਕਰਨਾ। ਜਦੋਂ ਕੋਈ ਘਰ ਦੀ ਬਹੁਤ ਜਰੂਰੀ ਵਸਤੂ ਮੰਗਣ ਆ ਜਾਵੇ ਅਤੇ ਲੈ ਕੇ ਜਾਣ ਦੀ ਬੇਲੋੜੀ ਜ਼ਿਦ ਕਰੀ ਜਾਵੇ ਤਾਂ ਆਖਦੇ ਹਨ। ਇਸ ਦਾ ਭਾਵ ਹੈ ਕਿ ਤੇਰੀ ਲੋੜ ਤਾਂ ਪੂਰੀ ਹੋ ਜਾਊ ਪਰ ਜਦੋਂ ਸਾਨੂੰ ਲੋੜ ਪਈ, ਅਸੀਂ ਆਪਣਾ ਬੁੱਤਾ ਕਿੱਦਾਂ ਸਾਰਾਂਗੇ?
- ਅਸੀਂ ਤਾਂ ਆਏ ਤੇਰੇ ਮਾਰੇ, ਤੂੰ ਜਾ ਚੜ੍ਹੀ ਉਤਲੇ ਚੁਬਾਰੇ : ਜਿਸ ਵਿਅਕਤੀ ਨੂੰ ਆਪਣਾ ਪਿਆਰਾ ਸਮਝ ਕੇ ਮਿਲਣ ਜਾਈਏ ਤੇ ਉਹ ਅੱਗੋਂ ਆਇਆਂ ਨੂੰ ਵੇਖ ਕੇ ਕਿਧਰੇ ਅਗਾਂਹ ਤੁਰ ਜਾਵੇ, ਓਥੇ ਇਹ ਅਖਾਣ ਢੁੱਕਦਾ ਹੈ।
- ਅਸੀਂ ਤਾਂ ਛੱਡ ਆਏ ਮਹਿਲ ਮਾੜੀਆਂ, ਮੁਸਲੇ ਛੱਡ ਗਏ ਹੁੱਕੇ ਕੁਨਾਲੀਆਂ : ਦੇਸ਼ ਦੀ ਵੰਡ ਵੇਲੇ ਇਹ ਅਖਾਣ ਸਿਰਜਿਆ ਗਿਆ ਹੋਵੇਗਾ। ਹਿੰਦੂ ਸਿੱਖ ਪਾਕਿਸਤਾਨ ਵਿੱਚੋਂ ਆਪਣੀ ਜ਼ਮੀਨ ਜਾਇਦਾਦ ਛੱਡ ਕੇ ਭਾਰਤ ਆਏ ਅਤੇ ਮੁਸਲਮਾਨ ਏਧਰੋਂ ਆਪਣੇ ਘਰ ਘਾਟ ਛੱਡ ਕੇ ਪਾਕਿਸਤਾਨ ਗਏ।
- ਅਸੀਂ ਤੇਰੀ ਸ਼ਾਹ ਛੱਡੀ ਤੂੰ ਸਾਨੂੰ ਕੁੱਤਿਆਂ ਤੋਂ ਛੁਡਾ : ਉਸ ਲਾਭ ਮਗਰ ਨਹੀਂ ਜਾਣਾ ਚਾਹੀਦਾ ਜਿਸ ਦੇ ਲੈਣ ਨਾਲ ਕੋਈ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਹੋਵੇ। ਅਜਿਹੀ ਲੱਸੀ ਨੂੰ ਕੀ ਕਰਨਾ ਜੀਹਨੂੰ ਲੈਣ ਗਿਆਂ ਨੂੰ ਕੁੱਤੇ ਵੱਢ ਖਾਣ। (ਸ਼ਾਹ = ਛਾਛ = ਲੱਸੀ)
- ਅਹਾਰ ਬੰਨ੍ਹੇ ਤਨ, ਵਿਹਾਰ ਬੰਨ੍ਹੇ ਜੱਗ : ਜਿਵੇਂ ਸਰੀਰ ਨੂੰ ਚਲਾਉਣ ਵਾਸਤੇ ਖੁਰਾਕ ਜਰੂਰੀ ਹੈ, ਉਵੇਂ ਹੀ ਦੁਨੀਆਂ ਵਿੱਚ ਵਿਚਰਨ ਲਈ ਖਾਸ ਮੌਕਿਆਂ ਤੇ ਲੈਣ ਦੇਣ ਕਰਨਾ ਜਰੂਰੀ ਹੁੰਦਾ ਹੈ।